ਕੋਲਕਾਤਾ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰ ਹਰਮਨ ਬਾਵੇਜਾ ਨੇ ਆਪਣੀ ਮੰਗੇਤਰ ਸਾਸ਼ਾ ਰਾਮਚੰਦਾਨੀ ਨਾਲ ਵਿਆਹ ਕਰਵਾ ਲਿਆ। ਦੋਵਾਂ ਦੇ ਵਿਆਹ ਦੀਆਂ ਰਸਮਾਂ ਸਿੱਖ ਧਰਮ ਅਨੁਸਾਰ ਕੋਲਕਾਤਾ ਵਿਖੇ ਹੋਈਆਂ। ਹਰਮਨ ਦੀ ਖ਼ਾਸ ਦੋਸਤ ਸ਼ਿਲਪਾ ਸ਼ੈੱਟੀ ਨੇ ਪਰਿਵਾਰ ਅਤੇ ਦੋਸਤਾਂ ਵਿਚਕਾਰ ਹੋਏ ਆਨੰਦ ਕਾਰਜ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸ਼ਿਲਪਾ ਨੇ ਲਿਖਿਆ, “ਵਧਾਈ ਹੋ ਹਰਮਨ ਅਤੇ ਸਾਸ਼ਾ, ਇਹ ਬਗੈਰ ਸ਼ਰਤ ਪਿਆਰ, ਖੁਸ਼ੀ ਅਤੇ ਦੋਸਤੀ ਦੀ ਇਕ ਨਵੀਂ ਸ਼ੁਰੂਆਤ ਹੈ। ਤੁਹਾਡੇ ਦੋਵਾਂ ਲਈ ਬਹੁਤ ਖੁਸ਼ ਹਾਂ।”
ਹਰਮਨ-ਸਾਸ਼ਾ ਦੇ ਵਿਆਹ ਦੀਆਂ ਰਸਮਾਂ ਐਤਵਾਰ ਸਵੇਰੇ ਬਾਰਾਤ ਨਾਲ ਸ਼ੁਰੂ ਹੋਈਆਂ। ਹਰਮਨ ਦੇ ਸਭ ਤੋਂ ਕਰੀਬੀ ਦੋਸਤ ਰਾਜ ਕੁੰਦਰਾ ਨੇ ਵੀ ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਹਰਮਨ ਬਾਰਾਤ ‘ਚ ਢੋਲ ਦੀ ਥਾਪ ‘ਤੇ ਨੱਚਦੇ ਹੋਈ ਨਜ਼ਰ ਆ ਰਹੇ ਹਨ। ਹਰਮਨ ਦੇ ਵਿਆਹ ਦਾ ਪ੍ਰੋਗਰਾਮ ਪਿਛਲੇ 3 ਦਿਨ ਤੋਂ ਚੱਲ ਰਿਹਾ ਸੀ, ਜਿਸ ‘ਚ ਸਭ ਤੋਂ ਪਹਿਲਾਂ ਕਾਕਟੇਲ ਨਾਈਟ ਸ਼ੁੱਕਰਵਾਰ ਦੀ ਸ਼ਾਮ ਸੈਲੀਬ੍ਰੇਟ ਕੀਤੀ ਗਈ। ਇਸ ਤੋਂ ਬਾਅਦ ਹਲਦੀ ਤੇ ਸੰਗੀਤ ਸੈਰੇਮਨੀ ਸ਼ਨਿੱਚਰਵਾਰ ਨੂੰ ਹੋਈ। ਵਿਆਹ ਸਮਾਗਮ ‘ਚ ਬਾਲੀਵੁੱਡ ਤੋਂ ਅਸ਼ੀਸ਼ ਚੌਧਰੀ, ਆਮਿਰ ਅਲੀ ਅਤੇ ਸਾਗਰਿਕਾ ਘਾਟਗੇ ਵੀ ਸਾਮਲ ਹੋਏ।
ਹੈਲਥ ਕੋਚ ਨਾਲ ਮੰਗਣੀ ਕੀਤੀ ਸੀ
40 ਸਾਲਾ ਹਰਮਨ ਫ਼ਿਲਮ ਨਿਰਮਾਤਾ ਹੈਰੀ ਬਾਵੇਜਾ ਦੇ ਬੇਟੇ ਹਨ। ਉਨ੍ਹਾਂ ਨੇ ਸਾਲ 2008 ‘ਚ ‘ਲਵ ਸਟੋਰੀ 2050’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ, ਜਿਸ ‘ਚ ਪ੍ਰਿਯੰਕਾ ਚੋਪੜਾ ਉਨ੍ਹਾਂ ਦੇ ਨਾਲ ਨਜ਼ਰ ਆਈ ਸੀ। ਫ਼ਿਲਮ ਬਾਕਸ ਆਫ਼ਿਸ ‘ਤੇ ਫਲਾਪ ਸਾਬਤ ਹੋਈ। ਇਸ ਤੋਂ ਬਾਅਦ ਉਨ੍ਹਾਂ ਦੀ ‘ਵਿਕਟਰੀ’, ‘ਵੱਟਸ ਯੋਰ ਰਸ਼ੀ’ ਅਤੇ ‘ਢਿਸ਼ਕਿਯਾਊਂ’ ਵੀ ਬਾਕਸ ਆਫ਼ਿਸ ‘ਤੇ ਨਹੀਂ ਚੱਲ ਸਕੀ। ਇਸੇ ਸਾਲ ਉਨ੍ਹਾਂ ਦੀ ਅਤੇ ਜੈਨੇਲੀਆ ਡਿਸੂਜ਼ਾ ਸਟਾਰਰ ਫ਼ਿਲਮ ‘ਇਟਸ ਮਾਈ ਲਾਈਫ਼’ ਟੀਵੀ ‘ਤੇ ਰਿਲੀਜ਼ ਹੋਈ ਸੀ, ਜਿਸ ਦੀ ਸ਼ੂਟਿੰਗ ਲਗਭਗ ਇਕ ਦਹਾਕੇ ਪਹਿਲਾਂ ਹੋ ਚੁੱਕੀ ਸੀ। ਹਰਮਨ ਬਾਵੇਜਾ ਨੇ ਦਸੰਬਰ 2020 ‘ਚ ਨਿਊਟ੍ਰੀਸ਼ਨ ਹੈਲਥ ਕੋਚ ਸਾਸ਼ਾ ਰਾਮਚੰਦਾਨੀ ਨਾਲ ਮੰਗਣੀ ਕਰ ਲਈ ਸੀ।