Home ਨਜ਼ਰੀਆ ਪਰਵਾਸੀ ਪੰਜਾਬੀ ਮੀਡੀਆ ਅਤੇ ਪੰਜਾਬ

ਪਰਵਾਸੀ ਪੰਜਾਬੀ ਮੀਡੀਆ ਅਤੇ ਪੰਜਾਬ

0
ਪਰਵਾਸੀ ਪੰਜਾਬੀ ਮੀਡੀਆ ਅਤੇ ਪੰਜਾਬ

ਪ੍ਰੋ. ਕੁਲਬੀਰ ਸਿੰਘ 9417153513

ਸਿੰਗਾਪੁਰ, ਕੈਨੇਡਾ ਜਿਹੇ ਮੁਲਕਾਂ ਵਿਚ ਪੰਜਾਬੀਆਂ ਦੀ ਪਹੁੰਚ ਇਕ ਸਦੀ ਤੋਂ ਵੀ ਪਹਿਲਾਂ ਹੋਈ ਸੀ। ਆਪਣੀ ਗੱਲ ਕਹਿਣ ਲਈ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਵੀ ਪੱਤਰਕਾਰੀ ਦਾ ਭਰਪੂਰ ਪ੍ਰਯੋਗ ਕੀਤਾ ਹੈ। ਪਰਵਾਸੀ ਪੰਜਾਬੀਆਂ ਅਤੇ ਭਾਰਤੀਆਂ ਦੀਆਂ ਲੋੜਾਂ ਥੁੜਾਂ ਨੂੰ ਧਿਆਨ ਵਿਚ ਰੱਖਦਿਆਂ 1947 ਤੋਂ ਪਹਿਲਾਂ ਵਿਦੇਸ਼ਾਂ ਵਿਚ ਕਈ ਮਾਸਿਕ ਪੱਤਰ ਪੰਜਾਬੀ ਅਤੇ ਉਰਦੂ ਵਿਚ ਪ੍ਰਕਾਸ਼ਿਤ ਹੁੰਦੇ ਰਹੇ।  ਕੈਨੇਡਾ, ਅਮਰੀਕਾ, ਇੰਗਲੈਂਡ ਅਜਿਹੇ ਮੁਲਕ ਹਨ ਜਿੱਥੇ 1947 ਤੱਕ ਪੰਜਾਬੀ ਵੱਡੀ ਗਿਣਤੀ ਵਿਚ ਪਹੁੰਚ ਚੁੱਕੇ ਸਨ। ਉਦੋਂ ਮਾਸਿਕ ਤੇ ਪੰਦਰਾਰੋਜ਼ਾ ਪੰਜਾਬੀ ਅਖ਼ਬਾਰਾਂ ਵੰਡ ਨਾਲ ਸੰਬੰਧਤ ਸਮੱਗਰੀ ਨਾਲ ਭਰੀਆਂ ਹੁੰਦੀਆਂ ਸਨ। ਫਿਰ ਇਕ ਸਮਾਂ ਉਹ ਆਇਆ ਜਦ ਪੰਜਾਬ ਵਿਚੋਂ ਉਹ ਲੋਕ ਇਨ੍ਹਾਂ ਮੁਲਕਾਂ ਵੱਲ ਪਰਵਾਸ ਕਰਨ ਲੱਗੇ ਜਿਹੜੇ ਸਿੱਧੇ ਤੌਰ ʼਤੇ ਪੰਜਾਬੀ ਮੀਡੀਆ ਨਾਲ ਜੁੜੇ ਸਨ। ਜਿਨ੍ਹਾਂ ਨੇ ਵਿਧੀਬਧ ਢੰਗ ਨਾਲ ਪੱਤਰਕਾਰੀ ਦੀ ਸਿੱਖਿਆ ਹਾਸਲ ਕੀਤੀ ਹੋਈ ਸੀ ਅਤੇ ਪੰਜਾਬੀ ਪੱਤਰਕਾਰੀ ਦਾ ਜਿਨ੍ਹਾਂ ਕੋਲ ਚੰਗਾ ਤਜ਼ਰਬਾ ਸੀ। ਉਨ੍ਹਾਂ ਨੇ ਵਿਦੇਸ਼ਾਂ ਵਿਚ ਪੰਜਾਬੀ ਮੀਡੀਆ ਨੂੰ ਪ੍ਰੋਫੈਸ਼ਨਲ ਅਤੇ ਤਕਨੀਕੀ ਮੁਹਾਰਤ ਦੀਆਂ ਲੀਹਾਂ ʼਤੇ ਤੋਰਿਆ। ਨਤੀਜਾ ਇਹ ਹੋਇਆ ਕਿ ਬੀਤੀ ਸਦੀ ਦੇ ਅੰਤਲੇ ਦਹਾਕਿਆਂ ਦੌਰਾਨ ਅਖ਼ਬਾਰਾਂ ਰਸਾਲਿਆਂ ਦੇ ਨਾਲ-ਨਾਲ ਪਰਵਾਸੀ ਪੰਜਾਬੀ ਮੀਡੀਆ ਤੇਜ਼ੀ ਨਾਲ ਰੇਡੀਓ ਅਤੇ ਟੈਲੀਵਿਜ਼ਨ ਦੇ ਖੇਤਰ ਵਿਚ ਪਰਵੇਜ਼ ਕਰ ਗਿਆ। ਅੱਜ ਓਨੇ ਰੇਡੀਓ ਪੰਜਾਬ ਵਿਚ ਨਹੀਂ ਹਨ ਜਿੰਨੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਚਲ ਰਹੇ ਹਨ। ਟੋਰਾਂਟੋ ਅਤੇ ਵੈਨਕੂਵਰ ਜਿਹੇ ਸ਼ਹਿਰਾਂ ਵਿਚ ਹੀ ਦਰਜਨਾਂ ਰੇਡੀਓ, ਦਰਜਨਾਂ ਅਖ਼ਬਾਰਾਂ ਹਨ।  ਇੰਟਰਨੈਟ ਸਮੇਤ ਬਹੁਤ ਸਾਰੀਆਂ ਅਤਿ ਆਧੁਨਿਕ ਤਕਨੀਕਾਂ ਨੇ ਜਿੱਥੇ ਪਰਵਾਸੀ ਮੀਡੀਆ ਦੀ ਕਾਰਜ-ਵਿਧੀ ਨੂੰ ਸੁਖਾਲਾ ਕਰ ਦਿੱਤਾ ਹੈ ਉਥੇ ਇਸਦੇ ਵਧਣ-ਫੁੱਲਣ ਦੇ ਆਸਾਰ ਵੀ ਪੈਦਾ ਹੋ ਗਏ ਹਨ। ਜਿਸ ਸ਼ਿੱਦਤ ਨਾਲ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਹੋ ਰਹੀ ਹੈ। ਉਸਤੋਂ ਆਸ ਬੱਝਦੀ ਹੈ ਕਿ ਪਰਵਾਸੀ ਪੰਜਾਬੀ ਮੀਡੀਆ, ਪਰਵਾਸੀ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਪੰਜਾਬ ਦੇ ਬੁਨਿਆਦੀ ਮੁੱਦਿਆਂ ਮਸਲਿਆਂ ਨੂੰ ਹੋਰ ਗੰਭੀਰਤਾ ਨਾਲ ਪੇਸ਼ ਕਰੇਗਾ। ਬੀਤੇ ਮਹੀਨਿਆਂ ਦੌਰਾਨ ਪਰਵਾਸੀ ਪੰਜਾਬੀ ਮੀਡੀਆ ਨੇ ਕਿਸਾਨ ਅੰਦੋਲਨ ਨੂੰ ਭਰਵੀਂ ਕਵਰੇਜ ਦਿੱਤੀ ਅਤੇ ਕਿਸਾਨ ਮੰਗਾਂ ਦੀਆਂ ਜੁਦਾ ਜੁਦਾ ਪਰਤਾਂ ਤੇ ਪਹਿਲੂਆਂ ਨੂੰ ਉਜਾਗਰ ਕੀਤਾ। ਮੁਖ ਪੰਨੇ ʼਤੇ ਮੁਖ ਸੁਰਖੀਆਂ ਨਾਲ ਲਗਾਤਾਰ ਮਹੀਨਿਆਂ ਤੱਕ ਵਿਸਥਾਰਤ ਵੇਰਵੇ ਪ੍ਰਕਾਸ਼ਿਤ ਕੀਤੇ। ਓਧਰ ਪਰਵਾਸੀ ਪੰਜਾਬੀ ਰੇਡੀਓ ਤੇ ਟੈਲੀਵਿਜ਼ਨ ਨੇ ਕਿਸਾਨ ਅੰਦੋਲਨ ਨਾਲ ਸੰਬੰਧਤ ਵਿਚਾਰ-ਚਰਚਾ, ਮੁਲਾਕਾਤਾਂ ਅਤੇ ਵੱਖ-ਵੱਖ ਥਾਵਾਂ ਤੋਂ ਸਿੱਧਾ ਪ੍ਰਸਾਰਨ ਕਰਕੇ ਵਿਦੇਸ਼ਾਂ ਵਿਚ ਵੱਸੇ ਪੰਜਾਬੀਆਂ ਤੱਕ ਤਾਜ਼ਾ ਜਾਣਕਾਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।            ਪਰਵਾਸੀ ਪੰਜਾਬੀ ਮੀਡੀਆ, ਪੰਜਾਬ ਅਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਪ੍ਰਤੀ ਹਮੇਸ਼ਾ ਸੰਜੀਦਾ ਅਤੇ ਚਿੰਤਤ ਰਿਹਾ ਹੈ। ਵਾਤਾਵਰਨ ਦੀ ਗੱਲ ਹੋਵੇ, ਪਾਣੀ ਦਾ ਮਸਲਾ ਹੋਵੇ, ਨਸ਼ਿਆਂ ਦੇ ਰੁਝਾਨ ਦਾ ਮੁੱਦਾ ਹੋਵੇ, ਮਾਂ ਬੋਲੀ ਪੰਜਾਬੀ ਪ੍ਰਤੀ ਘੱਟਦੇ ਮੋਹ ਦੀ ਗੱਲ ਹੋਵੇ ਤੇ ਭਾਵੇਂ ਹੋਵੇ ਪੰਜਾਬ ਦੀ ਸਿਆਸੀ ਹਲਚਲ ਪਰਵਾਸੀ ਪੰਜਾਬੀ ਮੀਡੀਆ ਨੇ ਦਿਲੋਂ ਮਨੋਂ ਸ਼ਮੂਲੀਅਤ ਦਾ ਅਹਿਸਾਸ ਕਰਾਇਆ ਹੈ। ਪਰਵਾਸੀ ਪੰਜਾਬੀ ਮੀਡੀਆ ਵੱਸਦਾ ਵਿਦੇਸ਼ਾਂ ਵਿਚ ਹੈ ਪਰ ਉਸਦੀਆਂ ਜੜ੍ਹਾਂ ਪੰਜਾਬ ਵਿਚ ਹਨ। ਪੰਜਾਬ ਵਿਚ 2022 ਦੀਆਂ ਚੋਣਾਂ ਸੰਬੰਧੀ ਮੁਢਲੀਆਂ ਸਰਗਰਮੀਆਂ ਆਰੰਭ ਹੋ ਗਈਆਂ ਹਨ। ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ ਵਿਦੇਸ਼ੀ ਪੰਜਾਬੀ ਅਖ਼ਬਾਰਾਂ, ਰੇਡੀਓ ਤੇ ਟੈਲੀਵਿਜ਼ਨ ਉਸ ਰੰਗ ਵਿਚ ਰੰਗਦੇ ਜਾਣਗੇ। ਬੀਤੇ ਦਿਨੀਂ ਮੈਂ ਕਿਸੇ ਕੰਮ ਦੇ ਸੰਬੰਧ ਵਿਚ ਕੈਨੇਡਾ ਵੱਸਦੇ ਦੋਸਤ ਡਾਕਟਰ ਸੁਖਦੇਵ ਸਿੰਘ ਝੰਡ ਹੁਰਾਂ ਨੂੰ ਫੋਨ ਕੀਤਾ। ਉਹ ਲੰਮਾ ਸਮਾਂ ਬੰਗਾਲ ਚੋਣਾਂ ਸੰਬੰਧੀ ਚਰਚਾ ਕਰਦੇ ਰਹੇ। ਮੈਂ ਹੈਰਾਨ ਸਾਂ ਕਿ ਪਰਵਾਸੀ ਪੰਜਾਬੀਆਂ ਦੀ ਬੰਗਾਲ-ਚੋਣਾਂ ਵਿਚ ਵੀ ਡੂੰਘੀ ਦਿਲਚਸਪੀ ਸੀ। ਦਰਅਸਲ ਇਹ ਦਿਲਚਸਪੀ ਕਿਸਾਨ ਅੰਦੋਲਨ ਅਤੇ ਕੇਂਦਰ ਸਰਕਾਰ ਵਿਚਾਲੇ ਪੈਦਾ ਹੋਏ ਟਕਰਾ ਕਾਰਨ ਸੀ। ਕਿਸਾਨ ਅੰਦੋਲਨ ਅਤੇ ਕਿਸਾਨਾਂ ਦੇ ਭਵਿੱਖ ਨੂੰ ਉਹ ਬੰਗਾਲ-ਚੋਣਾਂ ਦੀ ਜਿੱਤ ਹਾਰ ਨਾਲ ਜੋੜ ਕੇ ਵੇਖ ਰਹੇ ਸਨ। ਪੰਜਾਬ ਚੋਣਾਂ ʼਤੇ ਪਰਵਾਸੀ ਪੰਜਾਬੀਆਂ ਅਤੇ ਪਰਵਾਸੀ ਪੰਜਾਬੀ ਮੀਡੀਆ ਦਾ ਵੱਡਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਨੇੜ-ਭਵਿੱਖ ਵਿਚ ਇਸ ਪ੍ਰਭਾਵ ਦੇ ਹੋਰ ਵੱਧਣ ਦੇ ਆਸਾਰ ਹਨ ਕਿਉਂਕਿ ਬਹੁਤ ਸਾਰੇ ਪਰਵਾਸੀ ਪੰਜਾਬੀ ਟੈਲੀਵਿਜ਼ਨ ਚੈਨਲਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਸਟੂਡੀਓ ਸਥਾਪਿਤ ਕਰ ਲਏ ਹਨ। ਇਥੋਂ ਲਗਾਤਾਰ ਖ਼ਬਰਾਂ, ਵਿਚਾਰ ਚਰਚਾ ਅਤੇ ਮੁਲਾਕਾਤਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸ਼ਹਿਰਾਂ ਵਿਚ ਜਲੰਧਰ, ਮੋਹਾਲੀ ਅਤੇ ਲੁਧਿਆਣਾ ਪ੍ਰਮੁੱਖ ਹਨ। ਪਰ ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਵੀ ਪਿੱਛੇ ਨਹੀਂ ਹਨ।  ਆਉਂਦੇ ਮਹੀਨਿਆਂ ਦੌਰਾਨ ਪੰਜਾਬ ਦੀ ਸਿਆਸਤ ਸੰਪਾਦਕੀ ਲੇਖਾ ਵਿਚ ਕੇਂਦਰ-ਬਿੰਦੂ ਬਣ ਜਾਵੇਗੀ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਪਣੀ ਮੌਜੂਦਗੀ ਦਰਸਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਭਾਜਪਾ ਪੰਜਾਬ ਵਿਚ ਹਾਸ਼ੀਏ ʼਤੇ ਚਲੀ ਗਈ ਹੈ। ਸਰਕਾਰ ਦੇ ਕੰਮ-ਕਾਰ ਅਤੇ ਸਰਗਰਮੀਆਂ ਨੂੰ ਲੋਕ ਗਹੁ ਨਾਲ ਵੇਖ ਰਹੇ ਹਨ। ਕਾਂਗਰਸ ਇਕ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਮੁੜ ਸਰਗਰਮ ਕਰਨ ਵਿਚ ਕਾਮਯਾਬ ਹੋ ਗਈ ਹੈ। ਦੂਸਰੇ ਪਾਸੇ ਉਸਦੀਆਂ ਕੈਪਟਨ ਨਾਲ ਦੂਰੀਆਂ ਦੂਰ ਕਰਨ ਵਿਚ ਵੀ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ। ਨਤੀਜੇ ਵਜੋਂ ਆਉਂਦੇ ਦਿਨਾਂ ਦੌਰਾਨ ਜਿੱਥੇ ਪੰਜਾਬ ਵਿਚ ਸਿਆਸੀ ਹਲਚਲ ਵਧਣ ਦੇ ਆਸਾਰ ਬਣ ਗਏ ਹਨ। ਉਥੇ ਚੋਣ-ਬਿਗ਼ਲ ਵੱਜਣ ਕਾਰਨ ਰਾਜਨੀਤਕ ਜੋੜ-ਤੋੜ ਵੀ ਆਰੰਭ ਹੋ ਜਾਣਗੇ। ਪਰਵਾਸੀ ਪੰਜਾਬੀ ਮੀਡੀਆ ਲਈ ਇਹ ਦੌਰ ਦਿਲਚਸਪੀਆਂ ਭਰਿਆ ਹੋਵੇਗਾ ਕਿਉਂਕਿ ਪੰਜਾਬ ਦੀ ਸਿਆਸਤ ਅਤੇ ਸਿਆਸੀ ਟੁੱਟ-ਭੱਜ ਉਸਦਾ ਮਨਭਾਉਂਦਾ ਵਿਸ਼ਾ ਰਿਹਾ ਹੈ।