ਇਸਲਾਮਾਬਾਦ, 15 ਮਾਰਚ, ਹ.ਬ. : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਰਹਿਣ ਵਾਲੇ ਹਿੰਦੂ ਭਾਈਚਾਰੇ ਨੇ ਸੂਬੇ ਵਿਚ ਸਥਿਤ ਕਰੀਬ ਇੱਕ ਸਦੀ ਪੁਰਾਣੇ ਮੰਦਰ ਵਿਚ ਭੰਨਤੋੜ੍ਹ ਕਰਨ ਅਤੇ ਉਸ ਵਿਚ ਅੱਗ ਲਾਉਣ ਦੀ ਮੁਲਜ਼ਮ ਭੀੜ ਨੂੰ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਵਿਵਾਦ ਨੂੰ ਸੁਲਝਾਉਣ ਦੇ ਲਈ ਸਥਾਨਕ ਧਾਰਮਿਕ ਨੇਤਾਵਾਂ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਬੈਠਕ ਕੀਤੀ। ਜਿਰਗਾ ਕਹੀ ਜਾਣ ਵਾਲੀ ਬੈਠਕ ਵਿਚ ਮੁਲਜ਼ਮ ਨੇ ਹਮਲੇ ਅਤੇ ਸਾਲ 1997 ਵਿਚ ਵੀ ਇਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਮੁਆਫ਼ੀ ਮੰਗੀ। ਮੁਸਲਿਮ ਧਰਮ ਦੇ ਨੇਤਾਵਾਂ ਨੇ ਭਰੋਸਾ ਦਿੱਤਾ ਕਿ ਉਹ ਹਿੰਦੂਆਂ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਰੱਖਿਆ ਕਰਨਗੇ।
ਬੈਠਕ ਵਿਚ ਹੋਏ ਸਮਝੌਤੇ ਦੀ ਕਾਪੀ ਕੋਰਟ ਵਿਚ ਜਮ੍ਹਾ ਕੀਤੀ ਜਾਵੇਗਾ ਤਾਕਿ ਮੁਲਜ਼ਮਾਂ ਨੂੰ ਰਿਹਾਅ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਬੀਤੇ ਸਾਲ 30 ਦਸੰਬਰ ਨੂੰ ਸਥਾਨਕ ਮੌਲਵੀਆਂ ਅਤੇ ਕੱਟੜਪੰਥੀ ਪਾਰਟੀ ਜਮੀਅਤ ਉਲੇਮਾ ਏ ਇਸਲਾਮ ਦੇ ਮੈਂਬਰਾਂ ਦੀ ਅਗਵਾਈ ਵਿਚ ਭੀੜ ਨੇ ਖੈਬਰ ਪਖਤੂਨਖਵਾ ਸੂਬੇ ਦੇ ਕਰਕ ਜ਼ਿਲ੍ਹੇ ਸਥਿਤ ਟੇਰੀ ਪਿੰਡ ਵਿਚ ਬਣੇ ਮੰਦਰ ਅਤੇ ਉਸ ਨਾਲ ਲੱਗਦੀ ਸਮਾਧੀ ਵਿਚ ਭੰਨਤੋੜ ਕੀਤੀ ਸੀ ਅਤੇ ਉਸ ਨੂੰ ਅੱਗ ਦੇ ਹਵਾਲੇ ਕੀਤਾ ਸੀ।
ਗੌਰਤਲਬ ਹੈ ਕਿ ਇਸ ਮਾਮਲੇ ਵਿਚ 50 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤ ਨੇ ਵੀ ਇਸ ਘਟਨਾ ‘ਤੇ ਚਿੰਤਾ ਜਤਾਈ ਸੀ। ਪਾਕਸਿਤਾਨ ਦੀ ਅਦਾਲਤ ਨੇ ਖੈਬਰ ਪਖਤੂਨਖਵਾ ਸਰਕਾਰ ਨੂੰ ਮੰਦਰ ਦਾ ਮੁੜ ਨਿਰਮਾਣ ਕਰਾਉਣ ਦਾ ਆਦੇਸ਼ ਦਿੱਤਾ ਹੈ।