Home ਇੰਮੀਗ੍ਰੇਸ਼ਨ ਭਾਰਤੀਆਂ ਨੂੰ ਵੀਜ਼ਾ ਦੇਣ ਲਈ ਚੀਨ ਨੇ ਰੱਖੀ ਨਵੀਂ ਸ਼ਰਤ

ਭਾਰਤੀਆਂ ਨੂੰ ਵੀਜ਼ਾ ਦੇਣ ਲਈ ਚੀਨ ਨੇ ਰੱਖੀ ਨਵੀਂ ਸ਼ਰਤ

0
ਭਾਰਤੀਆਂ ਨੂੰ ਵੀਜ਼ਾ ਦੇਣ ਲਈ ਚੀਨ ਨੇ ਰੱਖੀ ਨਵੀਂ ਸ਼ਰਤ

ਬੀਜਿੰਗ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਨੂੰ ਵੀਜ਼ਾ ਦੇਣ ਲਈ ਚੀਨ ਨੇ ਨਵੀਂ ਸ਼ਰਤ ਰੱਖ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਭਾਰਤੀਆਂ ਨੂੰ ਹੀ ਵੀਜ਼ਾ ਦੇਵੇਗਾ, ਜਿਨ੍ਹਾਂ ਨੇ ਚੀਨ ਵਿੱਚ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ। ਭਾਰਤ ਸਥਿਤ ਚੀਨੀ ਅੰਬੈਸੀ ਦੀ ਵੈਬਸਾਈਟ ’ਤੇ ਇਸ ਨਾਲ ਜੁੜਿਆ ਨੋਟਿਸ ਪ੍ਰਕਾਸ਼ਿਤ ਕੀਤਾ ਗਿਆ ਹੈ।
ਚੀਨ ਦੇ ਵੀਜ਼ੇ ਲਈ ਲੋਕਾਂ ਨੂੰ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੀ ਦਿਖਾਉਣਾ ਹੋਵੇਗਾ। ਭਾਰਤ ਵਿੱਚ ਫਿਲਹਾਲ ਕਿਸੇ ਵੀ ਚੀਨੀ ਵੈਕਸੀਨ ਨੂੰ ਮਨਜ਼ੂਰੀ ਨਹੀਂ ਮਿਲੀ ਹੈ ਅਤੇ ਇਸ ਕਾਰਨ ਕਈ ਲੋਕਾਂ ਨੇ ਚੀਨੀ ਅੰਬੈਸੀ ਦੇ ਫ਼ੈਸਲੇ ’ਤੇ ਹੈਰਾਨੀ ਜ਼ਾਹਰ ਕੀਤੀ ਹੈ। ਉੱਥੇ ਹੀ ਚੀਨੀ ਅੰਬੈਸੀ ਨੇ ਕਿਹਾ ਹੈ ਕਿ ਚੀਨ ਵਿੱਚ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਲੋਕ ਵੀਜ਼ਾ ਲਈ ਉਸੇ ਤਰ੍ਹਾਂ ਅਪਲਾਈ ਕਰ ਸਕਦੇ ਹਨ, ਜਿਵੇਂ ਮਹਾਂਮਾਰੀ ਤੋਂ ਪਹਿਲਾਂ ਕਰਦੇ ਸੀ।
ਚੀਨ ਜਾਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਇਲੈਕਟ੍ਰਾਨਿਕ ਹੈਲਥ ਡਿਕਲੇਰੇਸ਼ਨ ਵੀ ਕਰਨਾ ਹੋਵੇਗਾ। ਵਿਦੇਸ਼ੀ ਨਾਗਰਿਕਾਂ ਨੂੰ ਨਿਊਕਲਿਕ ਐਸਿਡ ਟੈਸਟ ਦਾ ਨੈਗੇਟਿਵ ਸਰਟੀਫਿਕੇਟ ਅਤੇ ਆੲਜੀਐਮ ਟੈਸਟ ਰਿਪੋਰਟ ਵੀ ਜਮ੍ਹਾ ਕਰਨੇ ਹੋਣਗੇ। ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਚੀਨ ਪਹੁੰਚਣ ਬਾਅਦ ਕੁਆਰੰਟੀਨ ਵੀ ਰਹਿਣਾ ਪਏਗਾ।
ਦੱਸ ਦੇਈਏ ਕਿ ਪਾਕਿਸਤਾਨ, ਬ੍ਰਾਜ਼ੀਲ, ਚਿਲੀ ਸਣੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਚੀਨ ਦੀ ਵੈਕਸੀਨ ਲੋਕਾਂ ਨੂੰ ਲਾਈ ਜਾ ਰਹੀ ਹੈ। ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਨੇ ਸਿਨੋਫਾਰਮ ਦੀ ਕੋਰੋਨਾ ਵੈਕਸੀਨ ਨੂੰ ਦਸੰਬਰ ਵਿੱਚ ਹੀ ਮਨਜ਼ੂਰੀ ਦੇ ਦਿੱਤੀ ਸੀ। ਸਿਨੋਫਾਰਮ ਚੀਨ ਦੀ ਸਰਕਾਰੀ ਕੰਪਨੀ ਹੈ। ਮਨਜ਼ੂਰੀ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿੱਚ ਚੀਨੀ ਵੈਕਸੀਨ ਦੇ ਟ੍ਰਾਇਲ ਵੀ ਆਯੋਤ ਕੀਤੇ ਗਏ ਸਨ। ਸਿੰਗਾਪੁਰ, ਮਲੇਸ਼ੀਆ ਤੇ ਫਿਲੀਪੀਂਸ ਨੇ ਵੀ ਚੀਨੀ ਕੰਪਨੀ ਸਿਨੋਵੈਕ ਨਾਲ ਡੀਲ ਕੀਤੀ ਹੈ। ਉੱਥੇ ਹੀ ਜਨਵਰੀ ਤੋਂ ਹੀ ਇੰਡੋਨੇਸ਼ੀਆ ਵਿੱਚ ਚੀਨੀ ਵੈਕਸੀਨ ਰਾਹੀਂ ਟੀਕਾਕਰਨ ਚੱਲ ਰਿਹਾ ਹੈ। ਤੁਰਕੀ ਨੇ ਵੀ ਸਿਨੋਵੈਕ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਤੱਕ ਲਗਭਗ 17 ਦੇਸ਼ਾਂ ਨੇ ਚੀਨ ਵਿੱਚ ਤਿਆਰ ਵੈਕਸੀਨ ਦੀ ਖਰੀਦਦਾਰੀ ਕੀਤੀ ਹੈ।