Home ਸਾਹਿਤਕ ਮਿਹਨਤ ਦਾ ਸਕੂਨ

ਮਿਹਨਤ ਦਾ ਸਕੂਨ

0
ਮਿਹਨਤ ਦਾ ਸਕੂਨ

ਦਸੰਬਰ ਮਹੀਨੇ ਦੀ ਪਹਿਲੀ ਬਾਰਸ਼ ਹੋਣ ਨਾਲ ਸਰਦੀ ਦੀ ਰੁੱਤ ਦਾ ਆਗਾਜ਼ ਹੋ ਚੁੱਕਿਆ ਸੀ। ਸ਼ਾਮ ਦਾ ਵੇਲਾ ਅਤੇ ਠੰਢੀ-ਠੰਢੀ ਹਵਾ ਚੱਲ ਰਹੀ ਸੀ। ਸਰੀਰ ਨੂੰ ਠੰਢਕ ਮਹਿਸੂਸ ਹੋਣੀ ਸੁਭਾਵਿਕ ਸੀ। ਮੈਂ ਘਰ ਲਈ ਸਬਜ਼ੀ ਭਾਜੀ ਲੈਣ ਲਈ ਘਰੋਂ ਨਿਕਲੀ। ਅਜੇ ਕੁਝ ਹੀ ਦੂਰੀ ਤੇ ਗਈ ਤਾਂ ਸਬਜ਼ੀ ਦੀਆਂ ਦੋ ਰੇਹੜੀਆਂ ਮੇਰੇ ਨਜ਼ਰੀਂ ਪਈਆਂ। ਮੈਂ ਹੋਰ ਅੱਗੇ ਵਧੀ ਤਾਂ ਇਕ ਰੇਹੜੀ ‘ਤੇ ਰੁਕੀ, ਜਿੱਥੇ ਇੱਕ ਪੈਂਤੀ ਕੁ ਸਾਲ ਦੀ ਔਰਤ ਸਬਜ਼ੀ ਵਾਲੇ ਨਾਲ ਰੇਟ ਘੱਟ ਕਰਨ ਨੂੰ ਲੈ ਕੇ ਬਹਿਸਦੀ ਹੋਈ ਅੱਗੇ ਤੁਰ ਗਈ।

ਰੇਹੜੀ ਵਾਲੇ ਨੇ ‘ਚਲੋ ਲੈ ਜਾਓ’ ਕਹਿ ਕੇ ਉਸ ਨੂੰ ਉੱਚੀ ਅਵਾਜ਼ ‘ਚ ਦੁਬਾਰਾ ਬੁਲਾ ਲਿਆ। ਮਸਤ ਜਿਹੀ ਚਾਲ ਚਲਦਿਆਂ ਖਿੜੇ ਚਿਹਰੇ ਨਾਲ ਉਹ ਦੁਬਾਰਾ ਕੋਲ ਰੇਹਡ਼ੀ ਆ ਗਈ। ਰੇਹੜੀ ਤੇ ਕਈ ਸਬਜ਼ੀਆਂ ਪਾਈਆਂ ਸਨ ਪਰ ਉਸ ਨੇ ਦਸ ਕੁ ਰੁਪੈ ਦੀਆਂ ਤਿੰਨ ਮੂਲੀਆਂ ਖ਼ਰੀਦੀਆਂ ਅਤੇ ਮੇਰੇ ਵੱਲ ਤੱਕ ਕੇ ਬੋਲਣ ਲੱਗੀ। ਅੱਜ ਕੱਲ੍ਹ ਕੋਈ ਸਬਜ਼ੀ ਹੈਨੀ ਬਣਾਉਣ ਲਈ…। ਇਹ ਸੁਣ ਕੇ ਮੈਂ ਥੋੜ੍ਹੀ ਹੈਰਾਨ ਹੋਈ ਕਿਉਂਕਿ ਸਬਜ਼ੀਆਂ ਤਾਂ ਪਈਆਂ ਸਨ ਰੇਹੜੀ ਤੇ ਪਰ ਮਹਿੰਗੀਆਂ। ਅੱਸੀ ਰੁਪਏ ਕਿੱਲੋ ਮਟਰ, ਸੱਠ ਰੁਪਏ ਕਿਲੋ ਗੋਭੀ ਵਗੈਰਾ ਵਗੈਰਾ…

ਉਹਦੀ ਜੇਬ ਇਜਾਜ਼ਤ ਨਹੀਂ ਸੀ ਦੇ ਰਹੀ।ਸ਼ਾਇਦ ਏਨੀਆਂ ਮਹਿੰਗੀਆਂ ਸਬਜ਼ੀਆਂ ਖਰੀਦਣ ਦੀ ਪਰ ਆਪਣੀ ਇਸ ਬੇਵਸੀ ਨੂੰ ਦਰ ਕਿਨਾਰ ਕਰਦਿਆਂ ਮੇਰੇ ਵੱਲ ਤੱਕਦਿਆਂ ਉਹ ਫਿਰ ਬੋਲੀ “ਠੰਢ ਵੀ ਸ਼ੁਰੂ ਹੋ ਗਈ ਐ ਜੀ…. ਅੱਜ ਤਾਂ ਪੈਰਾਂ ਨੂੰ ਠੰਢ ਵੀ ਲੱਗ ਰਹੀ ਹੈ….
ਹੁਣ ਜਾਂਦੀ ਹੋਈ ਬੂਟ ਵੀ ਲੈ ਕੇ ਜਾਓਗੀਂ…. ਪਹਿਲਾਂ ਤਾਂ ਜੀ ਘਰੇ ਵਿਹਲੇ ਬੈਠੇ ਰਹੀਦਾ ਸੀ। ਘਰੇ ਵਿਹਲੇ ਬੈਠਿਆਂ ਨੂੰ ਕੌਣ ਦਿੰਦਾ ਹੈ ।ਨਾ ਕੋਈ ਚੀਜ਼ ਲਈ ਜਾਂਦੀ ਸੀ ਪੈਸਿਆਂ ਬਗ਼ੈਰ। ਹੁਣ ਕੰਮ ਤੇ ਲੱਗ ਗਈ ਸਵੇਰੇ ਜਾ ਕੇ ਸ਼ਾਮ ਨੂੰ ਘਰ ਜਾਈਦਾ ਹੈ। ਅੱਜ ਮੈਡਮ ਨੂੰ ਮਾੜਾ ਜਿਹਾ ਕਿਹਾ ਜੀ ਠੰਢ ਲੱਗਦੀ ਹੈ ਪੈਰਾਂ ਨੂੰ ਹੁਣ ਉਸ ਨੇ ਝੱਟ ਪੈਸੇ ਕੱਢ ਕੇ ਫੜਾ ਤੇ… ਕਹਿੰਦੀ ਘਰ ਨੂੰ ਜਾਂਦੀ ਬੂਟ ਲੈ ਜੀਂ।”

ਮੈਨੂੰ ਬਗੈਰ ਜਾਣਦਿਆਂ ਕਿੰਨੀਆਂ ਗੱਲਾਂ ਇਕੋ ਸਾਹੇ ਮੇਰੇ ਨਾਲ ਕਰ ਗਈ।”ਹੂੰ” ਕਹਿ ਕੇ ਮੈਂ ਉਸ ਦੇ ਚਿਹਰੇ ਵੱਲ ਤੱਕਦੀ ਰਹੀ। ਸਾਧਾਰਨ ਜਿਹਾ ਸੂਟ, ਸਾਂਵਲਾ ਰੰਗ, ਫਟੀਆਂ ਅੱਡੀਆਂ ਤੇ ਪੈਰਾਂ ‘ਚ ਚੱਪਲ, ਚਿਹਰੇ ਤੇ ਅੰਤਾਂ ਦੀ ਮੁਸਕਾਨ। “ਮਿਹਨਤ ਦਾ ਕੋਈ ਡਰ ਨਹੀਂ” ਮੈਂ ਫੇਰ ਉਸ ਦੀਆਂ ਗੱਲਾਂ ਦਾ ਜਵਾਬ ਦਿੱਤਾ। ਹੁਣ ਉਹ ਜਾ ਚੁੱਕੀ ਸੀ।

ਇੰਜ ਲੱਗਦਾ ਸੀ ਕਿ ਮਿਹਨਤ ਨਾਲ ਕੀਤੀ ਕਮਾਈ ਨਾਲ ਉਹ ਪੂਰੀ ਤਰ੍ਹਾਂ ਸੰਤੁਸ਼ਟ ਸੀ।ਮਨ ਦਾ ਖ਼ਿੜਾਅ ਉਹਦੇ ਚਿਹਰੇ ਤੇ ਚਾਲ ‘ਤੇ ਝਲਕ ਰਿਹਾ ਸੀ। ਸ਼ਾਇਦ ਮੈਨੂੰ ਬਗੈਰ ਜਾਣਦਿਆਂ ਹੀ ਉਸ ਨੇ ਮਨ ਦੇ ਵਲਵਲਿਆਂ ਨੂੰ ਮੇਰੇ ਨਾਲ ਸਾਂਝਾ ਕੀਤਾ। ਮਿਹਨਤ ਰੰਗ ਨੇ ਉਸ ਦੇ ਵਾਜੂਦ ਨੂੰ ਮੁਸਕਰਾਹਟ ਨਾਲ ਲਬਰੇਜ਼ ਕਰ ਦਿੱਤਾ। ਅੰਦਰੂਨੀ ਖ਼ੁਸ਼ੀ ਉਸ ਦੇ ਚਿਹਰੇ ‘ਤੇ ਰੂਪਮਾਨ ਹੋ ਰਹੀ ਸੀ। ਮਿਹਨਤ ਜਿਹੋ ਜਿਹੀ ਮਰਜ਼ੀ ਹੋਵੇ ਉਸ ਦੀ ਪਵਿੱਤਰਤਾ ਹੀ ਜੀਵਨ ਨੂੰ ਸਕੂਨ ਬਖ਼ਸ਼ਦੀ ਹੈ।
– ਗੁਰਜੀਤ ਕੌਰ ਮੋਗਾ