Home ਸਾਹਿਤਕ ਮੈਨੂੰ ਅੱਜ ਵੀ ਚੇਤੇ ਹਨ ਦਾਦੀ ਮਾਂ ਦੀਆਂ ਕਹਾਣੀਆਂ ਤੇ ਬਾਤਾਂ –

ਮੈਨੂੰ ਅੱਜ ਵੀ ਚੇਤੇ ਹਨ ਦਾਦੀ ਮਾਂ ਦੀਆਂ ਕਹਾਣੀਆਂ ਤੇ ਬਾਤਾਂ –

0

ਦੋਸਤੋਂ ਦਾਦੀ ਮਾਂ ਦਾ ਪਿਆਰ ਕਿਸਮਤ ਵਾਲਿਆ ਨੂੰ ਮਿਲਦਾ ਹੈ।ਦੋਸਤੋ ਜਿੰਨਾਂ ਨੇ ਦਾਦੀ ਮਾਂ ਦੇ ਪਿਆਰ ਦਾ ਨਿੱਘ ਨਹੀਂ ਮਾਣਿਆ ਸ਼ਾਇਦ ਉਹਨਾਂ ਲਈ ਇਹ ਗੱਲਾਂ ਬਹੁਤ ਕੁੱਝ ਹੋ ਸਕਦੀਆਂ ਜੇ ਧਿਆਨ ਨਾ ਪੜ੍ਹਨ ਉਹ ਇਹ ਦਾਦੀ ਮਾਂ ਦੀਆਂ ਗੱਲਾਂ ਪੜ੍ਹ ਕੇ ਦਾਦੀ ਮਾਂ ਦੇ ਪਿਆਰ ਦੀ ਹੋਂਦ ਨੂੰ ਮਹਿਸੂਸ ਕਰ ਸਕਦੇ ਹਨ। ਬਚਪਨ ਦੀਆਂ ਯਾਦਾਂ ਹਰ ਇਨਸਾਨ ਦਾ ਅਨਮੋਲ ਖ਼ਜ਼ਾਨਾ ਹੁੰਦੀਆਂ ਹਨ। ਕੋਈ ਭਾਵੇਂ ਕਿੰਨਾ ਗ਼ਰੀਬ ਹੋਵੇ ਜਾਂ ਕਿੰਨਾ ਵੀ ਅਮੀਰ ਹੋਵੇ, ਆਪਣੇ ਬਚਪਨ ਦੇ ਦੌਰ ਨੂੰ ਚਾਹ ਕੇ ਵੀ ਭੁਲਾ ਨਹੀਂ ਸਕਦਾ। ਪਹਿਲੇ ਸਮਿਆਂ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਹੋਇਆ ਕਰਦੇ ਸਨ। ਸਾਡੇ ਘਰਾਂ ਵਿੱਚ ਟੀਵੀ, ਰੇਡੀਓ ਵੀ ਨਹੀਂ ਹੁੰਦੇ ਸਨ। ਵੱਡਿਆਂ ਲਈ ਮਨੋਰੰਜਨ ਦਾ ਸਾਧਨ ਸੱਥਾਂ ਵਿੱਚ ਬੈਠਕੇ ਤਾਸ਼ ਖੇਡਣਾ ਜਾਂ ਕਿੱਸੇ ਪੜ੍ਹਨੇ ਤੇ ਸੁਣਨੇ ਹੁੰਦੇ ਸਨ। ਬੱਚਿਆਂ ਲਈ ਮਨੋਰੰਜਨ ਦਾਦੀ ਜਾਂ ਨਾਨੀ ਦੀਆਂ ਬਾਤਾਂ ਹੁੰਦੀਆਂ ਸਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਰਾਹੀ (ਬੱਚਿਆਂ ਲਈ ਮਾਮਾ) ਰਾਹ ਭੁੱਲ ਜਾਂਦਾ ਹੈ। ਰਾਤ ਨੂੰ ਤਾਰਿਆਂ ਦੀ ਲੋਅ ਵਿੱਚ ਸੌਣ ਲੱਗੇ ਬੱਚੇ ਆਪਣੀ ਦਾਦੀ ਜਾਂ ਘਰ ਦੇ ਕਿਸੇ ਵੱਡੇ-ਵਡੇਰੇ ਤੋਂ ਕਹਾਣੀਆਂ, ਬਾਤਾਂ ਸੁਣਦੇ। ਉਨ੍ਹਾਂ ਦੁਆਰਾ ਪਾਈਆਂ ਬੁਝਾਰਤਾਂ ਦੇ ਉੱਤਰ ਸੋਚ-ਸੋਚ ਕੇ ਦਿੰਦੇ। ਬੱਚੇ ਰੋਜ਼ ਨਵੀਂ ਬਾਤ ਸੁਣਨ ਅਤੇ ਬੁੱਝਣ ਲਈ ਉਤਾਵਲੇ ਰਹਿੰਦੇ। ਉਹ ਉਡੀਕ ਕਰਦੇ ਕਿ ਕਦੋਂ ਰਾਤ ਆਵੇਗੀ ਅਤੇ ਅਸੀਂ ਨਵੀਆਂ-ਨਵੀਆਂ ਬਾਤਾਂ ਅਤੇ ਕਹਾਣੀਆਂ ਸੁਣਾਂਗੇ। ਮਨੋਰੰਜਨ ਵੀ ਹੋ ਜਾਂਦਾ ਸੀ ਅਤੇ ਕੋਈ ਨਾ ਕੋਈ ਵੀ ਸਿੱਖਿਆ ਮਿਲਦੀ ਸੀ। ਸਭ ਤੋਂ ਵੱਡੀ ਗੱਲ ਸਾਡਾ ਬਜ਼ੁਰਗਾਂ ਨਾਲ ਮੋਹ ਬਣਿਆ ਰਹਿੰਦਾ ਸੀ। ਸਭ ਤੋਂ ਛੋਟਾ ਬੱਚਾ ਦਾਦੀ ਦੀ ਗੋਦ ਵਿੱਚ ਬੈਠ ਜਾਂਦਾ । ਇਹ ਉਸਦਾ ਹੱਕ ਹੁੰਦਾ ਸੀ। ਬਾਕੀ ਉਸਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ । ਫਿਰ ਦਾਦੀ ਬਾਤਾਂ ਸ਼ੁਰੂ ਕਰਦੀ। ਦੇਰ ਰਾਤ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ । ਅਨਪੜ੍ਹ ਦਾਦੀ ਕੋਲ ਬਾਤਾਂ ਦਾ ਭੰਡਾਰ ਹੁੰਦਾ ਸੀ ।ਬਚਪਨ ਵਿਚ ਦਾਦੀ ਮੈਨੂੰ ਵੀ ਬਹੁਤ ਕਹਾਣੀਆਂ ਸੁਣਾਉਂਦੀ ਸੀ,ਜਿਵੇ ਪਰੀਆਂ ਦੀਆਂ, ਰਾਜਕੁਮਾਰਾਂ ਦੀਆਂ , ਰਾਜੇ-ਰਾਣੀਆਂ ਦੀਆਂ ਕਹਾਣੀਆਂ। ਅਸੀ ਸਾਰੇ ਕਹਾਣੀਆਂ ਸੁਣਦੇ ਅਤੇ ਉਨ੍ਹਾਂ ਬਾਰੇ ਸੋਚਦੇ-ਸੋਚਦੇ ਹੀ ਸੌਂ ਜਾਂਦੇ।ਦਾਦੀ ਇਕ ਕਹਾਣੀ ਸੁਣਾਉਂਦੀ ਹੁੰਦੀ ਸੀ ਤੋਤੇ ਤੇ ਤੋਤੀ ਦੀ ।ਉਹ ਅੱਜ ਵੀ ਯਾਦ ਹੈ।
ਮੈਨੂੰ ਆਪਣੀ ਦਾਦੀ ਮਾਂ ਨਾਲ ਬਹੁਤ ਪਿਆਰ ਹੈ।ਚਾਹੇ ਮੇਰੇ ਦਾਦੀ ਜੀ ਅੱਜ ਦੁਨੀਆ ਵਿੱਚ ਨਹੀਂ ਹਨ।ਪਰ ਉਹਨਾਂ ਦੀਆਂ ਕਹਾਣੀਆਂ ਬਾਤਾਂ ਅੱਜ ਵੀ ਜ਼ਿੰਦਾ ਹਨ ਜੋ ਸਾਡੇ ਬਚਪਨ ਨੂੰ ਕਦੇ ਰੰਗੀਨ ਬਣਾਉਦੀਆਂ ਸਨ,ਅੱਜ ਵੀ ਦਾਦੀ ਮਾਂ ਦੀਆਂ ਕਹੀਆਂ ਗੱਲਾਂ ਦੀ ਝਲਕ ਮੇਰੀ ਸ਼ਖ਼ਸੀਅਤ ਤੇ ਪ੍ਰਭਾਵ ਪਾਉਂਦੀ ਹੈ ਅੱਜ ਮੈਂ ਜੋ ਵੀ ਹਾਂ ਮੇਰੀ ਦਾਦੀ ਮਾਂ ਦੀ ਹੱਲਾਸ਼ੇਰੀ ਕਰਕੇ ਹਾਂ।ਮੇਰੀਆਂ ਕਵਿਤਾਵਾਂ,ਲੇਖਾ,ਕਹਾਣੀਆਂ ਵਿੱਚ ਦਾਦੀ ਮਾਂ ਦੀਆਂ ਦੱਸੀਆਂ ਗੱਲਾਂ ਹੀ ਸ਼ਾਮਿਲ ਹਨ।ਅੱਜ ਵੀ ਮੈਨੂੰ ਯਾਦ ਹੈ ਜਦੋਂ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਅਸੀਂ ਘਰ ਦੀ ਛੱਤ ਉਪੱਰ ਮੰਜੀਆਂ ਉਪਰ ਛਾਲਾਂ ਮਾਰਦੇ, ਤਾ ਦਾਦੀ ਮਾਂ ਦੀ ਆਉਣ ਦੀ ਉਡੀਕ ਕਰਦੇ ਹੁੰਦੇ ਸੀ ਤਾਂ ਸਾਨੂੰ ਸੱਭ ਤੋਂ ਚੰਦ ਹੀ ਦਿਖਾਈ ਦੇਣਾ ਤੇ ਅਸੀਂ ਆਪਣਾ ਚੰਦਾ ਮਾਮਾ ਮੱਲ ਲੈਦੇ ਸੀ ।ਜਿਸ ਨੇ ਪਹਿਲਾਂ ਦੇਖ ਲੈਣਾ ਆਖਣਾ, ਅੱਜ ਚੰਦ ਮੇਰਾ, ਚੰਦਾ ਮਾਮਾ ਮੇਰਾ, ਮੇਰੇ ਨਾਲ ਸੋਵੇਂਗਾ।ਜਦੋਂ ਗਰਮੀਆਂ ਵਿੱਚ ਬਿਜਲੀ ਭੱਜ ਜਾਂਦੀ ਸੀ ਤਾਂ ਦਾਦੀ ਮਾਂ ਸਾਰਿਆ ਨੂੰ ਕੋਠੇ ਉੱਪਰ ਲੈਕੇ ਬੈਠ ਜਾਂਦੀ ਸੀ ਤੇ ਅਸੀਂ ਸਾਰੇ ਲੱਕੜ ਦੀ ਪੱਖੀ ਨਾਲ ਹਵਾ ਝੱਲਣ ਦੀ ਵਾਰੀ ਬੰਨ ਲੈਂਦੇ ਸੀ ਤੇ ਦਾਦੀ ਮਾਂ ਤੋ ਬਾਤਾਂ ਸੁਣਨ ਦੀ ਜਿੱਦ ਕਰਦੇ ਸੀ। ਦਾਦੀ ਦੇ ਆਉਂਦਿਆਂ ਹੀ ਅਸੀਂ ਦਾਦੀ ਨੂੰ ਮੇਰੀ ਦਾਦੀ ਮੇਰੀ ਦਾਦੀ ਆਖਦੇ ਹੋਏ ਚਿੰਬੜ ਜਾਣਾ। ਦਾਦੀ ਨੇ ਸਾਰਿਆਂ ਨੂੰ ਪਾਸੇ ਕਰਦੇ ਹੋਏ ਮੇਰੇ ਵੱਲ ਹੋ ਜਾਣਾ। ਮੈਂ ਦਾਦੀ ਦਾ ਸੱਭ ਤੋਂ ਚਹੇਤਾ ਸਰੋਤਾ ਸੀ ਤੇ ਮੈਨੂੰ ਆਪਣੀ ਦਾਦੀ ਉੱਤੇ ਬਹੁਤ ਮਾਣ ਸੀ। ਦਾਦੀ ਜੀ ਮੇਰੇ ਪਿਆਰੇ ਦਾਦੀ ਜੀ, ਤੇ ਮੈਂ ਸਾਰਿਆਂ ਤੋਂ ਪਾਸੇ ਹੋ ਦਾਦੀ ਦੀ ਗੋਦੀ ਵਿੱਚ ਲੇਟ ਜਾਣਾ।
“ਦਾਦੀ ਬਾਤ ਸੁਣਨੀ ਹੈ?”
ਮੇਰੀ ਭੈਣ ਨੇ ਕਹਿਣਾ ਤਾਂ ਦਾਦੀ ਨੇ ਅਗਿਉਂ ਆਖਣਾ, ਸੋਂ ਜਾਓ ਜਾ ਕੇ ਕੋਈ ਬਾਤ-ਵਾਤ ਨਹੀਂ। ਦਾਦੀ ਨੇ ਸਾਰਿਆਂ ਨੂੰ ਸੌਣ ਲਈ ਕਹਿਣਾ ਪਰ ਜਦੋਂ ਮੈਂ ਆਖਣਾ, ਕਿ ਨਹੀਂ ਦਾਦੀ ਵਾਤ ਨਹੀਂ ਅਸੀਂ ਬਾਤ ਸੁਣਨੀ ਹੈ, ਤੁਹਾਡੀ ਬਾਤ ਤੋਂ ਬਿਨਾਂ ਤਾਂ ਸਾਨੂੰ ਨੀਂਦ ਨਹੀਂ ਆਉਣੀ।ਦਾਦੀ ਝੱਟ ਕਹਾਣੀ ਜਾਂ ਬਾਤ ਸੁਣਾ ਦਿੰਦੇ ਸਨ।
ਇਸ ਤੋਂ ਬਾਦ ਸਾਡਾ ਝਗੜਾ ਕਹਾਣੀ ਬਾਰੇ ਸ਼ੁਰੂ ਹੋ ਜਾਣਾ। ਕਿਹੋ ਜਿਹੀ ਕਹਾਣੀ ਸੁਣਨੀ ਹੈ।ਤੋਤੇ ਤੋਤੀ ਵਾਲੀ,ਚਿੜੀ ਵਾਲੀ, ਕਾਂ ਵਾਲੀ ,ਗਿੱਦੜ ਵਾਲੀ ,ਬਟੇਰੇ ਵਾਲੀ ,ਧਰਮ ਰਾਜ ਵਾਲੀ ਆਦਿ ।ਉਧਰ ਦਾਦੀ ਸੀ ਕਿ ਬਾਤਾਂ ਦਾ ਖਜ਼ਾਨਾ, ਉਸ ਨੇ ਕਹਾਣੀ ਸੋਚਣ ਤੋਂ ਪਹਿਲਾਂ ਸ਼ੁਰੂ ਕਰ ਦੇਣੀ।ਅਸੀਂ ਕਹਿਣਾ ਦਾਦੀ ਭੂਤ ਵਾਲੀ ਕਹਾਣੀ ਨਾ ਸੁਣਾਈ। ਅਸੀਂ ਆਪਣੀ ਗੱਲ ਲੁਕੋ ਲੈਂਦੇ ਤੇ ਕਹਿੰਦੇ ਭੂਤ ਵਾਲੀ ਬਾਤ ਬਾਤ ਨਾ ਸੁਣਾਈ ਅਸੀ ਦਾਦੀ ਨੂੰ ਡਰਾਉਂਦੇ ਕਿ ਉਸਦੀ ਬਾਤ ਨੂੰ ਹੁੰਗਾਰਾ ਨਹੀਂ ਭਰਨਾ।ਹੁੰਗਾਰਾ” ਦਾਦੀ ਦੀ ਸ਼ਰਤ ਹੋਇਆ ਕਰਦੀ ਸੀ। ਉਹ ਆਖਦੀ ਸੀ ਕਿ ਉਹ ਬਾਤ ਤਾਂ ਹੀ ਸੁਣਾਏਗੀ ਜੇ ਅਸੀਂ ਹੁੰਗਾਰਾ ਭਰਾਂਗੇ। ਹੁੰਗਾਰੇ ਦਾ ਮਤਲਬ ਹੁੰਦਾ ਸੀ, ਸਾਡੇ ਮੂੰਹੋਂ ਨਿਕਲੀ ਹੂੰ ਦੀ ਅਵਾਜ਼। ਉਹ ਬਾਤ ਸੁਣਾਉਂਦੀ ਸੁਣਾਉਂਦੀ ਰੁਕ ਜਾਂਦੀ ਤੇ ਸਾਡੇ ਹੁੰਗਾਰੇ ਦੀ ਉਡੀਕ ਕਰਦੀ। ਹੁੰਗਾਰਾ ਮਿਲਣ ਉਪਰ ਹੀ ਉਹ ਬਾਤ ਅੱਗੇ ਤੋਰਦੀ।

ਦਾਦੀ ਕਹਿੰਦੇ ਇੱਕ ਸੀ ਬਿੱਲੀ ਤੇ ਇੱਕ ਸੀ ਗਿੱਦੜ
ਅਸੀਂ ਉਸ ਦਾ ਹੁੰਗਾਰਾ ਭਰਨਾ ਤੇ ਕਹਿਣਾ – ਹੂੰ

ਬਿੱਲੀ ਦਾ ਰੰਗ ਸੀ ਕਾਲਾ ਤੇ ਗਿੱਦੜ ਦਾ ਰੰਗ ਸੀ ਭੂਰਾ
ਫਿਰ ਉਸ ਨੇ ਸਾਡੇ ਹੁੰਗਾਰੇ ਦੀ ਉਡੀਕ ਕਰਨੀ। ਜੇ ਇਹ ਹੁੰਗਾਰਾ ਨਾ ਮਿਲਣਾ ਤਾਂ ਉਸ ਨੇ ਪੁੱਛਣਾ, “ਭੈੜਿਉਂ ਸੌਂ ਤਾਂ ਨਹੀਂ ਗਏ?”
ਮੈਂ ਅਕਸਰ ਕਹਿ ਇਹੋ ਕਹਿਣਾ ਹੁੰਦਾ ਸੀ ਦਾਦੀ ਮੈਂ ਸੋਚਿਆ ਕਿ ਗਿੱਦੜ ਸ਼ੇਰ ਹੁੰਦਾ ਹੈ ।ਮੈਂ ਕੋਸ਼ਿਸ਼ ਕਰਨੀ ਕਿ ਆਪਣੇ ਧਿਆਨ ਵਿੱਚ ਸ਼ੇਰ ਦੀ ਤੇ ਗਿੱਦੜ ਦੀ ਤਸਵੀਰ ਲਿਆਵਾਂ ਤੇ ਉਸ ਨੂੰ ਦੇਖਾਂ ਕਿ ਉਹਨਾਂ ਦਾ ਰੰਗ ਕੀ ਹੁੰਦਾ ਹੈ। ਪਰ ਦਾਦੀ ਵੀ ਸਾਡੇ ਨਾਲ ਚਲਾਕੀ ਖੇਡ ਜਾਂਦੀ। ਉਹ ਆਪਣੀ ਗ਼ਲਤੀ ਲੁਕਾ ਜਾਂਦੀ ਤੇ ਸਾਰੀ ਕਹਾਣੀ ਕਿਸੇ ਹੋਰ ਪਾਸੇ ਮੋੜ ਦਿੰਦੀ। ਦਾਦੀ ਆਖਦੀ-
ਗਿੱਦੜ ਤੇ ਸ਼ੇਰ ਤੁਹਨੂੰ ਇੱਕੋ ਜਿਹੇ ਲੱਗਦੇ ਹਨ । ਫਿਰ ਦਾਦੀ ਕਹਿੰਦੀ ਕਾਲੇ ਕਾਂ ਦੀ ਬਾਤ ਸੁਣਾ ਦਿੰਦੀ ਹਾਂ ਅਸੀਂ ਕਹਿੰਦੇ ਨਹੀਂ ਦਾਦੀ ਅਸੀਂ ਕਾਲੇ ਦੀ ਕਾਂ ਦੀ ਕਹਾਣੀ ਵੀ ਨਹੀਂ ਸੁਣਨੀ। ਸਾਨੂੰ ਤਾਂ ਸੋਹਣੀ ਜਿਹੀ ਬਾਤ ਸੁਣਾਓ।” ਦਾਦੀ ਚੁੱਪ ਕਰ ਜਾਂਦੀ ਤੇ ਸੋਚਦੀ ਰਹਿੰਦੀ। ਉਹ ਕਿੰਨੀ ਦੇਰ ਤੱਕ ਸਾਡੇ ਮੂੰਹਾਂ ਵੱਲ ਦੇਖਦੀ ਰਹਿੰਦੀ। ਅਸੀਂ ਉਸ ਵੱਲ ਦੇਖ ਕੇ ਹੱਸਦੇ ਤੇ ਫਿਰ ਸਾਡਾ ਸਾਰਿਆਂ ਦਾ ਹਾਸਾ ਨਿਕਲ ਜਾਂਦਾ।ਅਸੀਂ ਉੱਚੀ ਉੱਚੀ ਹੱਸਣ ਲੱਗਦੇ।ਦਾਦੀ ਮਾਂ ਸਾਨੂੰ ਬਾਤਾਂ ਪਾਉਂਦੀ ਹੁੰਦੀ ਸੀ ਜਿਵੇਂ

ਅਸਮਾਨੋਂ ਡਿੱਗਿਆ ਬੱਕਰਾ,ਉਹ ਦੇ ਮੂੰਹ ’ਚੋਂ ਨਿਕਲੀ ਲਾਰ।
ਢਿੱਡ ਪਾੜ ਕੇ ਦੇਖਿਆ,ਉਹਦੀ ਛਾਤੀ ਉੱਤੇ ਵਾਲ।( ਅੰਬ )

ਸੌਂ ਭਾਦੋਂ ਇੱਕ ਰੁੱਤ , ਦੋ ਬੁੜ੍ਹੀਆਂ ਦੀ ਇੱਕ ਗੁੱਤ ( ਪੀਂਘ )

ਪਹਿਲਾ ਮੈਂ ਜੰਮਿਆ , ਫੇਰ ਜੰਮੀ ਮੇਰੀ ਮਾਈ
ਖਿੱਚ ਖਿੱਚ ਕੇ ਪਿਓ ਜਮਾਇਆ ਪਿੱਛੋਂ ਆਈ ਤਾਈਂ । ( ਦੁੱਧ, ਦਹੀਂ, ਲੱਸੀ ਤੇ ਮੱਖਣ )
ਕੁੱਝ ਪੁਰਾਣੀਆਂ ਯਾਦਾਂ-
👉ਇੱਕ ਵਾਰ ਦਾਦੀ ਜੀ ਨੇ ਮੈਨੂੰ ਦੱਸਿਆ ਕਿ ਤੇਰਾ ਦਾਦਾ ਮੈਨੂੰ ਪੇਕੇ ਤੋਂ ਘੋੜੀ ਉੱਤੇ ਲੈਣ ਗਿਆ ਉਸ ਸਮੇਂ ਕੱਚੇ ਰਾਹ ਹੁੰਦੇ ਸੀ ਥਾਂ ਗਿੱਲਾ ਸੀ ਅਚਾਨਕ ਰਸਤੇ ਵਿੱਚ ਘੋੜੀ ਦਾ ਪੈਰ ਅੜਕ ਗਿਆ ਤੇ ਮੈਂ ਪਰੇ ਖੇਤ ਵਿੱਚ ਜਾ ਡਿੱਗੀ ।ਤੇਰੇ ਦਾਦੇ ਨੇ ਮੈਨੂੰ ਚੁੱਕਿਆਂ ਨਹੀਂ ਉਹ ਆਪਣੀਆ ਜੁਰਾਬਾਂ ਦੇਖਣ ਲੱਗ ਪਿਆ ।ਤੇ ਦਾਦੀ ਕਹਿੰਦੇ ਮੈ ਕਿਹਾ ਮੈਨੂੰ ਤਾਂ ਚੁੱਕ ਕੇ ਖੜੀ ਕਰਦੇ ਅੱਗੋਂ ਦਾਦਾ ਕਹਿੰਦਾ ਮੇਰੀਆਂ ਤਾਂ ਜੁਰਾਬਾਂ ਭਿੱਜ ਗਈਆ ਮੈਂ ਕਿਹਾ ਵੇ ਡੁੱਬ ਜਾਣ ਤੇਰੀਆਂ ਕਾਟੋ ਰੰਗੀਆਂ ।ਇਹ ਗੱਲ ਜਦੋਂ ਹੁਣ ਵੀ। ਯਾਦ ਆਉਂਦੀ ਹੈ ਤਾਂ ਬਹੁਤ ਮਨ ਖੜ ਹੁੰਦਾ ਹੈ।
👉ਕਈ ਵਾਰ ਦਾਦੀ ਰੇਲਗੱਡੀ ਰਾਹੀਂ ਪਟਿਆਲੇ ਜਾਂਦੇ ਸੀ ਤੇ ਮੈਨੂੰ ਨਾਲ ਲੈ ਕੇ ਜਾਂਦੇ ਸਨ ਕਹਿ ਦਿੰਦੇ ਸਨ ਵੀ ਗੱਗੂ ਮੇਰਾ ਸਹਾਰਾ ਹੈ।ਦਾਦੀ ਜੀ ਮੈਨੂੰ ਧੂਰੀ ਦੇ ਸਟੇਸ਼ਨ ‘ਤੇ ਬਰੈੱਡ ਲੈਕੇ ਦਿੰਦੇ ਸਨ ਹੁਣ ਜਦੋਂ ਵੀ ਕਦੇ ਅਸੀਂ ਪਟਿਆਲੇ ਰੇਲਗੱਡੀ ਰਾਹੀਂ ਜਾਦੇ ਹਾਂ ਤਾਂ ਧੂਰੀ ਬਰੈੱਡਾਂ ਦੀ ਮਹਿਕ ਮੇਰੇ ਸਾਹਾਂ ਰਾਹੀਂ ਅੰਦਰ ਜਾ ਕੇ ਉਹ ਦਾਦੀ ਮਾਂ ਦੀਆਂ ਯਾਦਾਂ ਤਾਜ਼ੀਆ ਕਰ ਦਿੰਦੀ ਹੈ।ਇੱਕ ਵਾਰ ਦੀ ਗੱਲ ਯਾਦ ਹੈ 👉ਜਦੋਂ ਮੈ ਲਿਖਣਾ ਸ਼ੁਰੂ ਕੀਤਾ ਸੀ ਮੈਂ ਦਾਦੀ ਤੋਂ ਪੁੱਛਿਆ ਕਿ ਦਾਦੀ ਪੰਜਾਬ ਕਿਵੇਂ ਵੰਡਿਆ ਗਿਆ ਕੀ ਤੁਸੀ ਹੱਲਾ ਹੋਇਆ ਦੇਖਿਆਂ ਹੈ ।ਇਹ ਸੁਣ ਕੇ ਦਾਦੀ ਨੇ ਦੱਸਿਆ ਕਿ ਉਸ ਸਮੇਂ ਮੇਰੀ ਉਮਰ ਇੱਕ ਘੱਟ ਤੀਹ ਸੀ।ਇਹ ਕਹਿ ਕੇ ਦਾਦੀ ਦੀਆਂ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗਿਆ ਸੱਚ ਜਾਣਿਓ ਉਹ ਗੱਲਾਂ ਸੁਣ ਕੇ ਮੇਰਾ ਵੀ ਰੋਣ ਆਇਆ ਤੇ ਮੈਂ ਕਵਿਤਾ ਲਿਖੀ –

“ਮੋੜ ਲਿਆ ਦੇ ਓਹ ਰੱਬਾ ਰੌਣਕਾਂ ਮੇਰੇ ਪੰਜਾਬ ਦੀਆਂ”

ਦਾਦੀ ਦੀ ਉਮਰ ਸੌ ਸਾਲ ਹੋ ਗਈ ਸੀ ਦਾਦੀ ਜੀ ਬਿਲਕੁਲ ਤੁਰਦੇ ਫਿਰਦੇ ਤੰਦਰੁਸਤ ਸਨ।ਜਦੋਂ ਵੀ ਉਹਨਾਂ ਨੂੰ ਕੋਈ ਪੁੱਛਦਾ ਬੇਬੇ ਕਿਵੇਂ ਹੈ ਤਾਂ ਉਹ ਹੱਸ ਕੇ ਕਹਿੰਦੇ ਟਾਹਲੀ ਵਰਗੀ ਹਾਂ।ਕਦੇ ਵੀ ਦੁੱਖ ਆਪਣੇ ਚਿਹਰੇ ‘ਤੇ ਨਹੀਂ ਸਨ ਲੈ ਕੇ ਆਉਂਦੇ ।ਅਚਾਨਕ ਇੱਕ ਦਿਨ ਦਾਦੀ ਜੀ ਇੱਕੋ ਦਮ ਬਿਮਾਰ ਹੋਏ ਤੇ ਉਹਨਾਂ ਦਾ ਰੋਟੀ -ਪਾਣੀ ਸੁੱਟ ਗਿਆ ।ਉਹ ਦੋ ਮਹੀਨੇ ਦੇ ਕਰੀਬ ਮੰਜੇ ਉੱਪਰ ਪਏ ਸਨ।

ਡਾਕਟਰ ਦੇ ਘਰ ਵੜਦਿਆਂ ਹੀ ਸੱਤ ਜੁਲਾਈ ਨੂੰ ਦਾਦੀ ਅਚਾਨਕ ਸਵੇਰ ਦੇ ਸਾਢੇ ਕੁ ਦੱਸ ਵਜੇ ਜਿਆਦਾ ਤੰਗ ਹੋ ਗਏ ਸਨ ਤੇ ਅਸੀਂ ਸਾਰੇ ਉਹਨਾਂ ਦੇ ਮੂੰਹ ਵਿੱਚ ਚਮਚੇ ਨਾਲ ਪਾਣੀ ਪਾ ਹੀ ਰਹੇ ਸੀ ਕਿ ਉਹਨਾਂ ਨੇ ਹੁਬਕੀ ਜਿਹੀ ਲੈਂਦੇ ਸਾਰ ਹੀ ਸਾਡੇ ਹੱਥਾਂ ਵਿੱਚ ਦਮ ਤੋੜ ਦਿੱਤਾ
ਉਹਨਾਂ ਨੂੰ ਦੇਖ ਮੇਰੀ ਭੁੱਬ ਨਿਕਲ ਜਾਂਦੀ ਹੈ। ਮੈਂ ਉੱਚੀ ਉੱਚੀ ਆਖਣਾ ਚਾਹੁੰਦੀ ਹਾਂ, ਕਿ ਦਾਦੀ ਹੁਣ ਸਾਨੂੰ ਜਿਹੜੀ ਮਰਜ਼ੀ ਕਹਾਣੀ ਸੁਣਾ, ਚਾਹੇ ਭੂਤ ਵਾਲੀ, ਚਾਹੇ ਕਾਲੇ ਕਾਂ ਵਾਲੀ ਅਸੀਂ ਬਿਲਕੁਲ ਨਹੀਂ ਡਰਦੇ। ਦੇਖ ਅਸੀਂ ਹੁਣ ਕਿੰਨੇ ਬਹਾਦਰ ਹੋ ਗਏ ਹਾਂ।ਇੱਕ ਵਾਰ ਬੋਲ ਦਾਦੀ ਬਾਤ ਸੁਣਾ ਦੇ ਇੱਕ ਵਾਰ ਦਾਦੀ ਰੇਲਗੱਡੀ ਉੱਪਰ ਝੂਟਾ ਦਵਾ ਦੇ। ਅੱਖਾਂ ਬੰਦ ਕਰ ਕੇ ਮੈਂ ਸੁੰਨ ਜਿਹੀ ਹੋ ਗਈ ਜਿਵੇਂ ਹਮੇਸ਼ਾ ਲਈ ਦਾਦੀ ਮਾਂ ਦੀ ਕਹਾਣੀ ਦਾ ਹੁੰਗਾਰਾ ਬਿਲਕੁਲ ਖਤਮ ਹੋ ਗਿਆ ਹੋਵੇ।

ਪਰ ਅੱਜ ਦਾ ਸਮਾਂ ਕੁੱਝ ਹੋਰ ਹੈ ਅੱਜ ਦਾਦੀ ਮਾਂ ਦੀਆਂ ਬਾਤਾਂ ,ਕਗਾਣੀਆਂ,ਗੱਲਾਂ ਅਲੋਪ ਹੋ ਰਹੀਆਂ ਹਨ ਇਹ ਥਾਂ ਮੋਬਾਇਲਾਂ ਵਿਚਲੇ ਕਾਰਟੂਨਾਂ ਨੇ ਲੈ ਲਈ ਹੈ।ਅੱਗ ਦੀ ਦਾਦੀ ਵੀ ਮਾਡਰਨ ਹੋ ਗਈ ਹੈ ਮੋਬਾਇਲ ਉਪਰ ਹੀ ਕਹਾਣੀ ਲਾ ਕੇ ਬੱਚੇ ਨੂੰਦੇ ਦਿੰਦੀ ਹੈ ।
ਅੱਜ ਦੇ ਕੰਪਿਊੂਟਰ ਯੁੱਗ ਦੇ ਬੱਚਿਆਂ ਨੂੰ ਅਜਿਹੀਆਂ ਕਹਾਣੀਆਂ ਨਾਲ ਪ੍ਰਚਾਉਣਾ ਔਖਾ ਜਾਪਦਾ ਹੈ। ਬੱਚੇ ਅੱਜ-ਕੱਲ੍ਹ ਬਹੁਤ ਕੁਝ ਨਵਾਂ ਪੜ੍ਹ-ਸੁਣ ਤੇ ਦੇਖ ਰਹੇ ਹਨ।ਪਰ ਕਿਤੇ ਨਾ ਕਿਤੇ ਬੱਚੇ ਬਚਪਨ ਵਾਲੇ ਹੁਸੀਨ ਰੰਗੀਨ ਨਜ਼ਾਰੇ ਤੋਂ ਦੂਰ ਜਾ ਰਹੇ ਹਨ ਤੇ ਦਾਦੀ ਮਾਂ ਦੇ ਉਹ ਨਿੱਘੇ ਪਿਆਰ ਤੋਂ ਜੋ ਕਦੇ ਸਾਨੂੰ ਦਾਦੀ ਦੀਆਂ ਬਾਤਾਂ ਸੁਣ ਕੇ ਸਾਨੂੰ ਆਉਂਦਾ ਸੀ। ਹੌਲੀ-ਹੌਲੀ ਆਧੁਨਿਕੀਕਰਨ ਦੇ ਪ੍ਰਭਾਵ ਨੇ ਸੰਯੁਕਤ ਪਰਿਵਾਰਾਂ ਨੂੰ ਛੋਟੇ-ਛੋਟੇ ਪਰਿਵਾਰਾਂ ਵਿੱਚ ਹੀ ਨਹੀਂ ਵੰਡਿਆ, ਸਗੋਂ ਬੱਚਿਆਂ ਨੂੰ ਵਿਰਸੇ ਦੇ ਅਨਮੋਲ ਖ਼ਜ਼ਾਨੇ ਤੋਂ ਵਾਂਝੇ ਕਰ ਦਿੱਤਾ। ਹੁਣ ਕੋਈ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਰਾਤ ਨੂੰ ਤਾਰਿਆਂ ਦੀ ਲੋਅ ਵਿੱਚ ਕੋਠਿਆਂ ’ਤੇ ਜਾਂ ਵਿਹੜਿਆਂ ਵਿੱਚ ਨਹੀਂ ਸੌਂਦਾ। ਹੁਣ ਹਰ ਜੀਅ ਲਈ ਆਪਣਾ ਵੱਖਰਾ ਕਮਰਾ ਹੁੰਦਾ ਹੈ। ਅੱਜ ਦੇ ਬੱਚੇ ਇਨ੍ਹਾਂ ਸਾਰੀਆਂ ਖ਼ੂਬੀਆਂ ਤੋਂ ਵਾਂਝੇ ਹਨ। ਪੜ੍ਹਾਈ ਦਾ ਬੋਝ ਬੱਚਿਆਂ ਦੀ ਮੱਤ ਮਾਰ ਰਿਹਾ ਹੈ। ਬੱਚਿਆਂ ਕੋਲ ਸਮਾਂ ਹੀ ਨਹੀਂ। ਸਕੂਲ ਤੋਂ ਆ ਕੇ ਬੱਚਾ ਹੋਮਵਰਕ ਕਰਦਾ ਹੈ, ਫਿਰ ਟਿਊਸ਼ਨ ਪੜ੍ਹਨ ਜਾਂਦਾ ਹੈ। ਛੋਟੇ ਤੋਂ ਛੋਟੀ ਉਮਰ ਦਾ ਬੱਚਾ ਮੋਬਾਈਲ ਨੂੰ ਚਲਾ ਲੈਂਦਾ ਹੈ। ਅਗਾਂਹ ਵਧੂ ਜਮਾਨੇ ਨੇ ਸਾਡਾ ਵਿਰਸਾ ਸਾਥੋਂ ਖੋਹ ਲਿਆ ਹੈ। ਅੱਜ ਦੇ ਬੱਚੇ ਆਪੋ ਆਪਣੇ ਕਮਰਿਆਂ ਵਿੱਚ ਤੜ ਕੇ ਰਹਿ ਗਏ ਹਨ, ਐਸੇ ਮਨ ਪ੍ਰਚਾਵੇ ਦੇ ਸਾਧਨ ਆ ਗਏ ਹਨ, ਫੇਸਬੁੱਕ, ਵਟਸਅੱਪ ਤੇ ਟੈਲੀਵਿਜ਼ਨਾਂ ਤੇ ਲਗਾਤਾਰ ਚਲ ਰਹੇ ਸੀਰੀਅਲਾਂ ਨੇ ਉਨ੍ਹਾਂ ਨੂੰ ਉਲਝਾ ਕੇ ਰੱਖ ਦਿੱਤਾ ਹੈ। ਅੱਜ ਦੇ ਸਮੇਂ ਨੇ ਬੱਚਿਆਂ ਵਿੱਚੋਂ ਸਹਿਨਸ਼ੀਲਤਾ ਤੇ ਨਿਮਰਤਾ ਖਤਮ ਕਰ ਦਿੱਤੀ ਹੈ। ਸੰਯੁਕਤ ਪਰਿਵਾਰ ਬੀਤੇ ਦੀਆਂ ਬਾਤਾਂ ਹੋ ਕੇ ਰਹਿ ਗਏ ਹਨ।
ਪਰਿਵਾਰਕ ਮੋਹ ਦੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ ਹਨ। ਪੱਛਮੀ ਸੱਭਿਆਚਾਰ ਦਾ ਬੋਲਬਾਲਾ ਹੈ। ਬੱਚੇ ਆਪਣੇ ਸੱਭਿਆਚਾਰ, ਵਿਰਸੇ, ਮਾਂ ਬੋਲੀ ਦੇ ਖ਼ਜ਼ਾਨੇ-ਕਿੱਸੇ, ਕਹਾਣੀਆਂ, ਬਾਤਾਂ ਤੋਂ ਦੂਰ ਜਾ ਰਹੇ ਹਨ।ਪਰ ਮੇਰੇ ਦਾਦੀ ਮਾਂ ਦੀਆਂ ਗੱਲਾਂ ਬਾਤਾਂ ਕਹਾਣੀਆਂ ਮੇਰੀ ਜ਼ਿੰਦਗੀ ਦਾ ਸ਼ਿੰਗਾਰ ਹਨ ਜੋ ਅੱਜ ਮੇਰੀ ਕਾਮਯਾਬੀ ਦਾ ਰਾਜ ਬਣ ਚੁੱਕੀਆ ਹਨ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।