ਯੰਗੂਨ, 12 ਮਾਰਚ, ਹ.ਬ. : ਮਿਆਂਮਾਰ ਵਿਚ ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਸੜਕਾਂ ’ਤੇ ਉਤਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਮੁੜ ਗੋਲ਼ੀਆਂ ਵਰ੍ਹਾਈਆਂ ਗਈਆਂ। ਇਸ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਦੱਖਣੀ ਪੂਰਬੀ ਏਸ਼ਿਆਈ ਦੇਸ਼ ਵਿਚ ਇਕ ਫਰਵਰੀ ਨੂੰ ਹੋਏ ਤਖ਼ਤਾ ਪਲਟ ਖ਼ਿਲਾਫ਼ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਪੁਲਿਸ ਦੀ ਫਾਇਰਿੰਗ ਵਿਚ ਹੁਣ ਤਕ 60 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਨੁੱਖੀ ਅਧਿਕਾਰ ਸਮੂਹ ਅਮਨੈਸਟੀ ਇੰਟਰਨੈਸ਼ਨਲ ਨੇ ਦੋਸ਼ ਲਗਾਇਆ ਕਿ ਫ਼ੌਜ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਜੰਗ ਵਾਲੀ ਰਣਨੀਤੀ ਅਪਣਾ ਰਹੀ ਹੈ ਜਦਕਿ ਫ਼ੌਜੀ ਸ਼ਾਸਨ ਨੇ ਦੇਸ਼ ਦੀ ਸੱਤਾ ਤੋਂ ਹਟਾਈ ਗਈ ਨੇਤਾ ਆਂਗ ਸਾਨ ਸੂ ਕੀ ’ਤੇ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ। ਮੱਧ ਮਿਆਂਮਾਰ ਦੇ ਮਾਏਂਗ ਸ਼ਹਿਰ ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਦੀ ਫਾਇਰਿੰਗ ਵਿਚ ਛੇ ਲੋਕਾਂ ਦੀ ਜਾਨ ਚਲੀ ਗਈ। ਲਾਸ਼ਾਂ ਨੂੰ ਹਸਪਤਾਲ ਪੁੱਜਣ ਵਿਚ ਮਦਦ ਕਰਨ ਵਾਲੇ ਇਕ ਵਿਅਕਤੀ ਨੇ ਫੋਨ ’ਤੇ ਇਹ ਜਾਣਕਾਰੀ ਖ਼ਬਰ ਏਜੰਸੀ ਰਾਇਟਰ ਨੂੰ ਦਿੱਤੀ ਜਦਕਿ 31 ਸਾਲਾਂ ਦੇ ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਣ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ। ਅਸੀਂ ਯਕੀਨ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ ਅਜਿਹਾ ਕੀਤਾ। ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਅਤੇ ਮਾਂਡਲੇ ਵਿਚ ਵੀ ਇਕ-ਇਕ ਪ੍ਰਦਰਸ਼ਨਕਾਰੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਫ਼ੌਜੀ ਸ਼ਾਸਨ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਜਾਵ ਮਿਨ ਟੁਨ ਨੇ ਕਿਹਾ ਕਿ ਸੁਰੱਖਿਆ ਬਲ ਅਨੁਸ਼ਾਸਿਤ ਹਨ ਅਤੇ ਸਿਰਫ਼ ਲੋੜ ਪੈਣ ’ਤੇ ਤਾਕਤ ਦੀ ਵਰਤੋਂ ਕਰ ਰਹੇ ਹਨ। ਦੇਸ਼ ਵਿਚ ਅਜਿਹੀ ਸਥਿਤੀ ਨਹੀਂ ਹੈ ਜਿਸ ’ਤੇ ਕੌਮਾਂਤਰੀ ਭਾਈਚਾਰਾ ਚਿੰਤਾ ਕਰੇ। ਫ਼ੌਜ ਦੇ ਬੁਲਾਰੇ ਨੇ ਆਂਗ ਸਾਨ ਸੂ ਕੀ ’ਤੇ ਇਹ ਦੋਸ਼ ਵੀ ਲਗਾਇਆ ਕਿ ਉਨ੍ਹਾਂ ਨੇ ਸਰਕਾਰ ਵਿਚ ਰਹਿੰਦੇ ਹੋਏ ਛੇ ਲੱਖ ਡਾਲਰ (ਕਰੀਬ ਚਾਰ ਕਰੋੜ 35 ਲੱਖ ਰੁਪਏ) ਦੇ ਨਾਲ ਹੀ ਸੋਨਾ ਵੀ ਨਾਜਾਇਜ਼ ਤਰੀਕੇ ਨਾਲ ਸਵੀਕਾਰ ਕੀਤਾ। ਦੱਸਣਯੋਗ ਹੈ ਕਿ ਫ਼ੌਜ ਇਕ ਫਰਵਰੀ ਨੂੰ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੀ ਸਰਕਾਰ ਦਾ ਤਖ਼ਤਾ ਪਲਟ ਕਰ ਕੇ ਸੱਤਾ ’ਤੇ ਕਾਬਜ਼ ਹੋ ਗਈ। ਤਦ ਤੋਂ ਆਂਗ ਸਾਨ ਸਮੇਤ ਕਈ ਚੋਟੀ ਦੇ ਨੇਤਾ ਹਿਰਾਸਤ ਵਿਚ ਹਨ। ਆਂਗ ਸਾਨ ’ਤੇ ਨਾਜਾਇਜ਼ ਤੌਰ ’ਤੇ ਸੰਚਾਰ ਉਪਕਰਨ ਦਰਾਮਦ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ।