ਪ੍ਰਭਜੋਤ, 12 ਮਾਰਚ, ਹ.ਬ. : ਲੜਕੀ ਨੂੰ ਕੈਨੇਡਾ ਵਿਚ ਸੈਟਲ ਕਰਨ ਦੇ ਲਾਲਚ ਵਿਚ ਇੱਕ ਨੌਜਵਾਨ ਅਤੇ ਉਸ ਦਾ ਪਰਵਾਰ ਠੱਗੀ ਦਾ ਸ਼ਿਕਾਰ ਹੋ ਗਿਆ। ਆਈਲੈਟਸ ਪਾਸ ਲੜਕੀ ਨੇ ਪਹਿਲਾਂ ਤਾਂ ਮੁੰਡੇ ਨਾਲ ਵਿਆਹ ਕਰਵਾਇਆ। ਸਹੁਰਾ ਪਰਵਾਰ ਨੇ ਵਿਆਹ ਅਤੇ ਉਸ ਨੂੰ ਵਿਦੇਸ਼ ਭੇਜਣ ਵਿਚ 30 ਲੱਖ ਤੋਂ ਜ਼ਿਆਦਾ ਰੁਪਏ ਖ਼ਰਚ ਦਿੱਤੇ। ਕੈਨੇਡਾ ਪੁੱਜਣ ਤੋਂ ਬਾਅਦ ਲੜਕੀ ਨੇ ਸੰਪਰਕ ਤੋੜ ਲਿਆ।
ਪਿੰਡ ਫਲੇੜਾ ਨਿਵਾਸੀ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਲੜਕੀ ਅਤੇ ਉਸ ਦੀ ਮਾਂ ਦੇ ਖ਼ਿਲਾਫ਼ ਠੱਗੀ ਦਾ ਕੇਸ ਦਰਜ ਕੀਤਾ ਹੈ। ਅਮਰੀਕ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਦੇ ਭਰਾ ਹਾਕਮ ਸਿੰਘ ਦੇ ਵੱਡੇ ਬੇਟੇ ਗੁਰਜੀਵਨ ਸਿੰਘ ਦਾ 22 ਦਸੰਬਰ 2019 ਨੂੰ ਵਿਆਹ ਬਠਿੰਡਾ ਦੇ ਪਿੰਡ ਨਾਥਪੁਰਾ ਦੀ ਪ੍ਰਭਜੋਤ ਕੌਰ ਨਾਲ ਹੋਇਆ। ਪ੍ਰਭਜੋਤ ਆਈਲੈਟਸ ਪਾਸ ਹੈ ਅਤੇ ਵਿਦੇਸ਼ ਜਾਣਾ ਚਾਹੁੰਦੀ ਸੀ, ਉਹ ਵੀ ਗੁਰਜੀਵਨ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸੀ। ਇਸ ਲਈ ਵਿਆਹ ਦਾ ਖ਼ਰਚਾ ਚੁੱਕਿਆ।
ਪ੍ਰਭਜੋਤ ਕੌਰ ਨੂੰ ਕੈਨੇਡਾ ਭੇਜਣ ਦੇ ਲਈ ਅਪਲਾਈ ਕੀਤਾ ਅਤੇ ਉਸ ਦਾ ਖਾਤਾ ਖੁਲ੍ਹਵਾ ਕੇ 10.82 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਵੀਜ਼ਾ ਰੱਦ ਹੋਣ ’ਤੇ ਕਾਲਜ ਨੇ 7.17 ਲੱਖ ਰੁਪਏ ਫੀਸ ਰਿਫੰਡ ਕਰ ਦਿੱਤੀ। ਪ੍ਰੰਤੂ ਲੜਕੀ ਪਰਵਾਰ ਨੇ ਵਾਪਸ ਨਹੀਂ ਕੀਤੇ।
ਮੁੜ ਆਈਲੈਟਸ ਦੇ ਲਈ ਦਾਖ਼ਲਾ ਕਰਾਇਆ ਅਤੇ ਸਾਢੇ ਛੇ ਬੈਂਡ ਆਉਣ ’ਤੇ ਵੀਜ਼ਾ ਵੀ ਆ ਗਿਆ। ਉਸ ਦੇ ਖਾਤੇ ਵਿਚ ਫੇਰ 7.82 ਲੱਖ ਰੁਪਏ ਜਮ੍ਹਾ ਕਰਾਏ। 28 ਦਸੰਬਰ 2019 ਨੂੰ ਉਹ ਕੈਨੇਡਾ ਚਲੀ ਗਈ ਸੀ।
ਜੁਲਾਈ 2020 ਤੱਕ ਉਹ ਅਪਣੇ ਪਤੀ ਅਤੇ ਸਹੁਰਾ ਪਰਵਾਰ ਦੇ ਸੰਪਰਕ ਵਿਚ ਰਹੀ ਸੀ। ਹੌਲੀ ਹੌਲੀ ਉਸ ਨੇ ਅਪਣੇ ਪਤੀ ਅਤੇ ਸਹੁਰਾ ਪਰਵਾਰ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਗੁਰਜੀਵਨ ਨੂੰ ਕੈਨੇਡਾ ਬੁਲਾਉਣ ਦੇ ਲਈ ਕੋਈ ਵੀ ਕਾਗਜ਼ੀ ਕਾਰਵਾਈ ਨਹੀਂ ਕੀਤੀ ਗਈ। ਜਦ ਉਨ੍ਹਾਂ ਨੇ ਪ੍ਰਭਜੋਤ ਦੇ ਪੇਕੇ ਪਰਵਾਰ ਨਾਲ ਗੱਲ ਕੀਤੀ ਤਾਂ ਪ੍ਰਭਜੋਤ ਦੀ ਮਾਂ ਨੇ ਹੋਰ ਪੈਸਿਆਂ ਦੀ ਮੰਗ ਕੀਤੀ।
ਪੰਚਾਇਤ ਵਿਚ ਵੀ ਮਾਮਲਾ ਪਹੁੰਚਿਆ ਸੀ ਪ੍ਰੰਤੂ ਗੁਰਜੀਵਨ ਨੂੰ ਵਿਦੇਸ਼ ਨਹੀਂ ਬੁਲਾਇਆ ਗਿਆ। ਉਹ ਪ੍ਰਭਜੋਤ ਕੌਰ ਨੂੰ ਵਿਦੇਸ਼ ਭੇਜਣ ਅਤੇ ਵਿਆਹ ’ਤੇ 30 ਲੱਖ 41 ਹਜ਼ਾਰ 442 ਰੁਪਏ ਖਰਚ ਚੁੱਕੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।