ਵਾਸ਼ਿੰਗਟਨ, 12 ਮਾਰਚ, ਹ.ਬ. : ਅਮਰੀਕਾ ਵਿਚ ਇੱਕ ਹੋਰ ਇਤਿਹਾਸ ਬਣਨ ਵਾਲਾ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਕਮਲਾ ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਔਰਤ ਬਣੀ ਸੀ। ਹੁਣ ਰਾਸ਼ਟਰਪਤੀ ਜੋਅ ਬਾਈਡਨ ਨੇ ਮਿਲਟਰੀ ਕਮਾਂਡਸ ਦੇ ਮੁਖੀ ਦੇ ਤੌਰ ’ਤੇ ਦੋ ਔਰਤਾਂ ਦੇ ਨਾਂ ਸੈਨੇਟ ਦੀ ਮਨਜ਼ੂਰੀ ਦੇ ਲਈ ਭੇਜੇ ਹਨ।
ਔਰਤ ਕਮਾਂਡਰਾਂ ਦੇ ਨਾਂ ਹਨ : ਜਨਰਲ ਜੈਕਲੀਨ ਅਤੇ ਜਨਰਲ ਲਾਰਾ ਰਿਚਰਡਸਨ। ਸੈਨੇਟ ਦੀ ਮਨਜ਼ੂਰੀ ਮਿਲਣ ’ਤੇ ਇੱਕ ਹੀ ਸਮੇਂ ’ਤੇ ਦੋ ਔਰਤਾਂ ਅਮਰੀਕੀ ਸੈਨਾ ਵਿਚ ਵੱਡੇ ਅਹੁਦੇ ਸੰਭਾਲਣਗੀਆਂ। ਅਜੇ ਸਿਰਫ ਲੋਰੀ ਰੌਬਿਨਸਨ ਨੇ ਇਹ ਇਤਿਹਾਸ ਰਚਿਆ ਸੀ।
ਉਹ 2018 ਵਿਚ ਸੇਵਾ ਮੁਕਤ ਹੋਣ ਤੱਕ ਅਮਰੀਕੀ ਸੈਨਾ ਦੀ ਉਤਰੀ ਕਮਾਨ ਦੀ ਮੁਖੀ ਸੀ। ਅਮਰੀਕੀ ਮਿਲਟਰੀ ਵਿਚ ਸਭ ਤੋਂ ਵੱਡੀ ਰੈਂਕ ’ਤੇ ਚਾਰ ਸਟਾਰ ਜਨਰਲ ਦੀ ਹੈ। ਇਸ ਨੂੰ ਹਵਾਈ ਫੌਜ ਦੀ ਜਨਰਲ ਜੈਕਲੀਨ ਹਾਸਲ ਕਰ ਚੁੱਕੀ ਹੈ।
ਜੈਕਲੀਨ 2020 ਵਿਚ ਰੱਖਿਆ ਵਿਭਾਗ ਵਿਚ ਇਕਲੌਤੀ ਚਾਰ ਸਟਾਰ ਮਹਿਲਾ ਜਨਰਲ ਬਣੀ ਅਤੇ ਅਮਰੀਕੀ ਹਵਾਈ ਸੈਨਾ ਦੇ ਇਤਿਹਾਸ ਵਿਚ ਅਜਿਹੀ ਪੰਜਵੀਂ ਔਰਤ। ਉਨ੍ਹਾਂ ਦਾ ਨਾਂ ਟਰਾਂਸਪੋਰਟੇਸ਼ਨ ਕਮਾਂਡ ਮੁੱਖ ਦੇ ਤੌਰ ’ਤੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਤਿੰਨ ਸਟਾਰ ਲਾਰਾ ਰਿਚਰਡਸਨ ਦਾ ਨਾਂ ਦੱਖਣੀ ਕਮਾਨ ਦੀ ਮੁਖੀ ਦੇ ਲਈ ਪੇਸ਼ ਕੀਤਾ ਗਿਆ ਹੈ।
ਅਮਰੀਕੀ ਰੱਖਿਆ ਹੈਡਕੁਆਰਟਰ ਪੈਂਟਾਗਨ ਨੇ ਪਿਛਲੇ ਸਾਲ ਹੀ ਲਾਰਾ ਅਤੇ ਜੈਕਲੀਨ ਦਾ ਨਾਂ ਤੈਅ ਕਰ ਲਿਆ ਸੀ ਲੇਕਿਨ ਉਨ੍ਹਾਂ ਦੇ ਨਾਂ ਭੇਜਣ ਵਿਚ ਦੇਰੀ ਹੁੰਦੀ ਰਹੀ। ਇਸ ਦਾ ਕਾਰਨ ਸਾਬਕਾ ਰਾਸ਼ਟਰਪਤੀ ਟਰੰਪ ਦਾ ਡਰ ਦੱਸਿਆ ਜਾ ਰਿਹਾ ਹੈ। ਅਮਰੀਕੀ ਸਾਬਕਾ ਡਿਫੈਂਸ ਸਕੱਤਰ ਮਾਰਕ ਐਸਪਰ ਨੂੰ ਡਰ ਸੀ ਕਿ ਟਰੰਪ ਲਾਰਾ ਅਤੇ ਜੈਕਲੀਨ ਦੇ ਨਾਂ ’ਤੇ ਮਨਜ਼ੂਰੀ ਨਹੀਂ ਦੇਣਗੇ। ਕਿਉਂਕਿ ਦੋਵੇਂ ਔਰਤਾਂ ਹਨ। ਹਾਲਾਂਕਿ ਬਾਈਡਨ ਨੇ ਪੰਜ ਮਾਰਚ ਨੂੰ ਦੋਵਾਂ ਦੇ ਨਾਂ ਸੈਨੇਟ ਨੂੰ ਭੇਜ ਦਿੱਤੇ।