ਸੈਕਰਾਮੈਂਟੋ 13 ਮਾਰਚ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਖਿਆ ਸਕੱਤਰ ਜਨਰਲ ਲਾਇਡ ਜੇ ਆਸਟਿਨ ਦੇ 19 ਮਾਰਚ ਤੋਂ 21 ਮਾਰਚ ਤੱਕ ਭਾਰਤ ਦੌਰੇ ਨਾਲ ਦੋਨਾਂ ਦੇਸ਼ਾਂ ਵਿਚਾਲੇ ਰਖਿਆ ਖੇਤਰ ਵਿਚ ਸਬੰਧ ਮਜਬੂਤ ਹੋਣਗੇ। ਜੋਅ ਬਾਇਡੇਨ ਵੱਲੋਂ 20 ਜਨਵਰੀ ਨੂੰ ਸਹੁੰ ਚੁੱਕਣ ਉਪਰੰਤ ਕਿਸੇ ਅਮਰੀਕੀ ਅਧਿਕਾਰੀ ਦਾ ਭਾਰਤ ਦਾ ਪਹਿਲਾ ਉੱਚ ਪੱਧਰੀ ਦੌਰਾ ਹੈ। ਆਪਣੇ ਦੌਰੇ ਦੌਰਾਨ ਆਸਟਿਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਮਿਲਣਗੇ। 12 ਮਾਰਚ ਨੂੰ ਹੋ ਰਹੇ ਇੰਡੋ-ਪੈਸੀਫਿਕ ਕੁਆਡ ਸਮੇਲਣ ਜਿਸ ਵਿਚ ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਪਾਨ ਦੇ ਮੁੱਖੀ ‘ਵਰਚੂਅਲੀ’ ਸ਼ਾਮਿਲ ਹੋਣਗੇ, ਤੋਂ ਇਕ ਹਫ਼ਤੇ ਬਾਅਦ ਹੋਣ ਵਾਲੇ ਅਮਰੀਕੀ ਰੱਖਿਆ ਸਕੱਤਰ ਦੇ ਦੌਰੇ ਦੀ ਬਹੁਤ ਅਹਿਮੀਅਤ ਸਮਝੀ ਜਾ ਰਹੀ ਹੈ। ਰਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਦੋਵਾਂ ਧਿਰਾਂ ਵੱਲੋਂ ਰੱਖਿਆ ਸਹਿਯੋਗ ਮਜਬੂਤ ਕਰਨ ਦੇ ਢੰਗ ਤਰੀਕੇ ਤੇ ਖੇਤਰੀ ਸੁਰੱਖਿਆ ਤੋਂ ਇਲਾਵਾ ਦੋਨਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਬਾਰੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਆਸ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਸ ਦੌਰੇ ਦੀ ਆਪਣੀ ਅਹਿਮੀਅਤ ਹੈ।